ਸ਼ਹੀਦ ਹੋਏ ਖਾਲੜਾ ਦੇ ਪਿੰਡ ਦੋਦੇ ਸੋਢੀਆ ਦੇ ਨਾਇਕ ਗੁਰਸੇਵਕ ਸਿੰਘ ਦੇ ਘਰ ਤੇ ਪਿੰਡ ’ਚ ਛਾਇਆ ਸੋਗ
ਸ਼ਹੀਦ ਹੋਏ ਖਾਲੜਾ ਦੇ ਪਿੰਡ ਦੋਦੇ ਸੋਢੀਆ ਦੇ ਨਾਇਕ ਗੁਰਸੇਵਕ ਸਿੰਘ ਦੇ ਘਰ ਤੇ ਪਿੰਡ ’ਚ ਛਾਇਆ ਸੋਗ
ਖਾਲੜਾ, 9 ਦਸੰਬਰ (ਗੁਰਪ੍ਰੀਤ ਸਿੰਘ ਸ਼ੈਡੀ) : ਬੀਤੇ ਬੁਧਵਾਰ ਨੂੰ ਤਾਮਿਲਨਾਡੂ ਦੇ ਜ਼ਿਲ੍ਹਾ ਰਤਨਾਗਰੀ ਵਿਖੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫ਼ੈਸ ਸਟਾਫ਼ ਸੀ.ਡੀ.ਐਸ ਬਿਪਿਨ ਰਾਵਤ ਸਮੇਤ ਹੈਲੀਕਾਪਟਰ ਹਾਦਸੇ ਵਿਚ ਜਾਨ ਗਵਾਉਣ ਵਾਲੇ 13 ਲੋਕਾਂ ਵਿਚ ਜ਼ਿਲ੍ਹਾ ਤਰਨਤਾਰਨ ਦੇ ਖਾਲੜਾ ਦੇ ਅਧੀਨ ਆਉਦੇ ਪਿੰਡ ਦੋਦੇ ਸੋਢੀਆ ਦੇ ਨਾਇਕ ਗੁਰਸੇਵਕ ਸਿੰਘ ਵੀ ਇਸ ਹਾਦਸੇ ਵਿਚ ਅਪਣੀ ਜਾਨ ਗਵਾ ਚੁਕਾ ਹੈ। ਗੁਰਸੇਵਕ ਸਿੰਘ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦਾ ਮੈਬਰ ਸੀ ਤੇ ਫ਼ੌਜ ਦੀ 9 ਪੈਰਾ ਸਪੈਸ਼ਲ ਯੁਨਿਟ ਵਿਚ ਤਾਇਨਾਤ ਸੀ। ਹਾਦਸੇ ਤੋਂ ਬਾਅਦ ਤਾਮਿਲਨਾਡੂ ਤੋਂ ਫ਼ੌਜ ਦੇ ਅਧਿਕਾਰੀਆ ਵਲੋਂ ਇਸ ਹਾਦਸੇ ਦੀ ਖ਼ਬਰ ਜਿਵੇਂ ਹੀ ਥਾਣਾ ਖਾਲੜਾ ਪਹੁੰਚੀ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ। ਇਸ ਮੌਕੇ ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਭਰੇ ਮਨ ਨਾਲ ਦਸਿਆ ਕਿ ਗੁਰਸੇਵਕ ਸਿੰਘ ਸਮੇਤ 6 ਭਰਾ ਹਨ ਅਤੇ ਦੋ ਭੈਣਾ ਹਨ। ਸਾਲ 2004 ਵਿਚ ਗੁਰਸੇਵਕ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ। ਉਹ ਦਿੱਲੀ ਵਿਖੇ 9 ਪੈਰਾ ਸਪੈਸ਼ਲ ਯੁਨਿਟ ਵਿਚ ਡਿਊਟੀ ਕਰਦਾ ਸੀ। ਉਸ ਦਾ ਵਿਆਹ 2011 ਵਿਚ ਜਸਪ੍ਰੀਤ ਕੌਰ ਨਾਲ ਹੋਇਆ, ਜਿਨ੍ਹਾਂ ਦੀਆਂ ਦੋ ਲੜਕੀਆ ਸਿਮਰਤਦੀਪ ਕੌਰ (9) ਗੁਰਲੀਨ ਕੌਰ (5) ਅਤੇ ਇਕ ਬੇਟਾ ਗੁਰਫ਼ਤਿਹ ਸਿੰਘ 4 ਸਾਲ ਦਾ ਹੈ। ਗੁਰਸੇਵਕ ਸਿੰਘ ਪਿਛਲੇ ਮਹੀਨੇ ਇਕ ਮਹੀਨੇ ਦੀ ਛੱੁਟੀ ਕੱਟ ਕੇ ਗਿਆ ਸੀ। ਨਾਇਕ ਗੁਰਸੇਵਕ ਸਿੰਘ ਨੇ ਅਪਣੀ ਡਿਊਟੀ ਤੋਂ ਰਿਟਾਇਰਮੈਂਟ ਲੈਣ ਦੋ-ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਵਧੀਆ ਸੇਵਾਵਾਂ ਹੋਣ ਕਰ ਕੇ ਮਨਜ਼ੂਰੀ ਨਹੀਂ ਮਿਲੀ। ਗੁਰਸੇਵਕ ਸਿੰਘ ਦੀ ਸ਼ਹਾਦਤ ਨਾਲ ਪ੍ਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਖਾਲੜਾ-ਗੁਰਪ੍ਰੀਤ-9-01 ਨਾਇਕ ਗੁਰਸੇਵਕ ਸਿੰਘ ਦੀ ਪਤਨੀ ਅਤੇ ਬੱਚੇ।