ਕੇਜਰੀਵਾਲ 'ਤੇ ਨਵਜੋਤ ਸਿੱਧੂ ਦਾ ਤੰਜ਼, '1000 ਰੁਪਏ ਦਿੰਦੇ ਹੋ ਕਿਉਂ ਪੰਜਾਬੀ ਨਿਕੰਮੇ ਹਨ?'
ਪੰਜਾਬੀਆਂ ਨੂੰ ਸੱਚੇ ਨੇਤਾ ਲਾਲੀਪਾਪ ਨਹੀਂ ਦੇਣਗੇ, ਸਗੋਂ ਆਰਥਿਕਤਾ ਦੀ ਨੀਂਹ ਮਜ਼ਬੂਤ ਕਰਨ ਵੱਲ ਧਿਆਨ ਦੇਣਗੇ।
ਚੰਡੀਗੜ੍ਹ : ਪਿਛਲੇ ਦਿਨੀਂ ਅਰਵਿੰਦ ਕੇਰਜੀਵਾਲ ਪੰਜਾਬ ਦੌਰੇ 'ਤੇ ਆਏ ਸਨ ਤੇ ਉਹਨਾਂ ਨੇ ਪੰਜਾਬ ਵਿਚ ਅਪਣੀ ਸਰਕਾਰ ਬਣਨ 'ਤੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਮਹੀਨਾ ਦੇਣ ਦੀ ਗੱਲ ਕਹੀ ਸੀ। ਕੇਜਰੀਵਾਲ ਦੇ ਇਸ ਐਲਾਨ ਨੂੰ ਲੈ ਕੇ ਵਿਰੋਧੀਆਂ ਨੇ ਉਹਨਾਂ 'ਤੇ ਨਿਸ਼ਾਨੇ ਸਾਧੇ ਸਨ। ਜਿਸ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਕੇਜਰੀਵਾਲ 'ਤੇ ਵਾਰ ਕੀਤਾ ਹੈ।
ਨਵਜੋਤ ਸਿੱਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਲਈ 1000 ਰੁਪਏ ਦਾ ਐਲਾਨ ਕੀਤਾ ਗਿਆ ਹੈ, ਉਹ ਸਿਰਫ਼ ਚੋਣਾਂ ਨੂੰ ਲੈ ਕੇ ਕੀਤਾ ਗਿਆ ਹੈ, 1000 ਰੁਪਏ ਦਿੰਦੇ ਹੋ ਕਿਉਂ ਪੰਜਾਬੀ ਨਿਕੰਮੇ ਹਨ? 'ਆਪ' ਸਾਡੀਆਂ ਧੀਆਂ-ਭੈਣਾਂ ਨੂੰ ਹਜ਼ਾਰ ਰੁਪਏ ਦੇਣ ਦੀ ਗੱਲ ਕਰ ਰਹੀ ਹੈ, ਕੀ ਪਾਰਟੀ ਨੇ ਦਿੱਲੀ 'ਚ ਔਰਤਾਂ ਨੂੰ ਹਜ਼ਾਰ ਰੁਪਿਆ ਦਿੱਤਾ ਹੈ?
ਉਨ੍ਹਾਂ ਕਿਹਾ ਕਿ ਪੰਜਾਬ 'ਚ ਚੋਣਾਂ ਦਾ ਮਾਹੌਲ ਹੈ ਤਾਂ ਕਰਕੇ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ? ਨਵਜੋਤ ਸਿੱਧੂ ਨੇ ਕਿਹਾ ਮੇਰੀ ਘਰਵਾਲੀ ਨੂੰ 1000 ਹਜ਼ਾਰ ਰੁਪਿਆ ਦਿਓ, ਮੈਂ ਵਗ੍ਹਾ ਕੇ ਮਾਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬੀ ਖ਼ੈਰਾਤ 'ਚ ਨਹੀਂ ਖਾਂਦੇ। ਪੰਜਾਬੀਆਂ ਨੂੰ ਭੀਖ ਨਹੀਂ ਚਾਹੀਦੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ 40 ਕਰੋੜ ਕਮਾਉਂਦਾ ਸੀ ਪਰ ਅੱਜ 40 ਹਜ਼ਾਰ ਕਮਾਉਂਦਾ ਹੈ ਜੋ ਕਿ 40 ਲੱਖ ਕਰੋੜ ਤੋਂ ਵੀ ਵੱਧ ਹੈ ਕਿਉਂਕਿ ਮੇਰੇ ਵਿਚ ਇਕ ਤਾਂਘ ਹੈ ਕਿ ਪੰਜਾਬ ਸਵਾਰਨਾ ਹੈ ਤੇ ਪੰਜਾਬ ਦੇ ਕਲਿਆਣ ਵਿਚ ਹੀ ਨਵਜੋਤ ਸਿੱਧੂ ਦਾ ਕਲਿਆਣ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ 'ਚ 3 ਰੁਪਏ ਬਿਜਲੀ ਦੇਵੇ ਤਾਂ ਪੰਜਾਬੀ ਖ਼ਰੀਦਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਦਿੱਲੀ 'ਚ ਇਸ ਵੇਲੇ ਬਿਜਲੀ 13 ਰੁਪਏ ਪ੍ਰਤੀ ਯੂਨਿਟ ਹੈ। ਇਸ ਵਾਰ ਪੰਜਾਬੀ ਲੋਕ ਲੁਭਾਵਣੀਆਂ ਯੋਜਨਾਵਾਂ ਦਾ ਸ਼ਿਕਾਰ ਨਹੀਂ ਹੋਣਗੇ। ''ਲੋਕ ਪਾਲਿਸੀ ਫਰੇਮਵਰਕ, ਬਜਟ ਅਲਾਟਮੈਂਟ ਅਤੇ ਲਾਗੂਕਰਨ ਮੈਟ੍ਰਿਕਸ ਦੇ ਸਮਰਥਨ ਤੋਂ ਬਿਨ੍ਹਾਂ ਲੋਕ ਲੋਕਪ੍ਰਿਯ "ਯੋਜਨਾਵਾਂ" ਦਾ ਸ਼ਿਕਾਰ ਨਹੀਂ ਹੋਣਗੇ। ਇਤਿਹਾਸ ਦੱਸਦਾ ਹੈ ਕਿ ਲੋਕਪ੍ਰਿਯ ਉਪਾਅ ਲੋਕਾਂ ਨੂੰ ਲੰਬੇ ਸਮੇਂ ਤੱਕ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸੱਚੇ ਨੇਤਾ ਲਾਲੀਪਾਪ ਨਹੀਂ ਦੇਣਗੇ, ਸਗੋਂ ਆਰਥਿਕਤਾ ਦੀ ਨੀਂਹ ਮਜ਼ਬੂਤ ਕਰਨ ਵੱਲ ਧਿਆਨ ਦੇਣਗੇ।