ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
ਚੰਡੀਗੜ੍ਹ, 9 ਦਸੰਬਰ (ਜੀ.ਸੀ. ਭਾਰਦਵਾਜ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਨੇ ਇਨ੍ਹਾ ਦੇ ਨੇਤਾਵਾਂ ਦਾ ਜੋੜ ਤੋੜ ਤੇ ਰਲੇਵਾਂ ਦਿਨੋਂ ਦਿਨ ਵੱਧ ਰਿਹਾ ਹੈ ਅਤੇ ਚੋਣਾਂ ਵਾਸਤੇ ਉਮੀਦਵਾਰਾਂ ਦੇ ਨਾਮ ਐਲਾਨਣ ਸਮੇਤ ਹਲਕਿਆਂ ਵਿਚ ਪ੍ਰਚਾਰ ਕਰਨ ਦੀ ਮੁਹਿੰਮ ਵਿਚ ਸ਼੍ਰੋਮਣੀ ਅਕਾਲੀ ਦਲ ਬਾਕੀਆਂ ਨਾਲੋਂ ਕਾਫ਼ੀ ਅੱਗੇ ਚਲ ਰਿਹਾ ਹੈ।
ਅੱਜ ਇਥੇ ਸੈਕਟਰ 28 ਦੇ ਮੁੱਖ ਦਫ਼ਤਰ ਵਿਚ ਪ੍ਰਧਾਨ ਸ. ਸੁਖਬੀਰ ਬਾਦਲ ਨੇ ਪੁਰਾਣੇ ਨੇਕ, ਇਮਾਨਦਾਰ ਅਤੇ ਟਕਸਾਲੀ ਆਗੂ ਸ. ਸੁੁੱਚਾ ਸਿੰਘ ਛੋਟੇਪੁਰ ਨੂੰ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਆਉਣ ’ਤੇ ਸਵਾਗਤ ਕੀਤਾ ਅਤੇ ਸਿਰੋਪਾਉ ਦੇ ਕੇ ਨਿਵਾਜਿਆ। ਸ. ਬਾਦਲ ਨੇ ਸ. ਛੋਟੇਪੁਰ ਨੂੰ ਪਾਰਟੀ ਦਾ ਸੀਨੀਅਰ ਉਪ ਪ੍ਰਧਾਨ ਦਾ ਅਹੁਦਾ ਦੇਣ ਅਤੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਵੀ ਐਲਾਨਿਆ। ਸ. ਛੋਟੇਪੁਰ, ਸੁਰਜੀਤ ਸਿੰਘ ਬਰਨਾਲਾ ਵਜ਼ਾਰਤ ਵਿਚ 1985-86 ਦੌਰਾਨ ਪੰਜਾਬ ਦੇ ਵਜ਼ੀਰ ਵੀ ਰਹਿ ਚੁਕੇ ਹਨ ਤੇ ਮਗਰੋਂ ਸ. ਸਿਮਰਨਜੀਤ ਸਿੰਘ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੇਤਾ ਵੀ ਰਹੇ। ਸ. ਛੋਟੇਪੁਰ ਨੇ 2013-14 ਵਿਚ ਨਵੀਂ ਪਾਰਟੀ ‘ਆਪ’ ਦਾ ਮੁੱਢ ਪੰਜਾਬ ਵਿਚ ਬੰਨਿ੍ਹਆ ਪਰ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਸਰਦਾਰ ਦੀ ਲੋਕਪ੍ਰਿਯਤਾ ਨੂੰ ਨਾ ਸਹਾਰਦੇ ਹੋਹੇ ਪਾਰਟੀ ਤੋਂ ਪਾਸੇ ਕਰ ਦਿਤਾ ਸੀ।
ਅੱਜ ਅਪਣੇ ਸੈਂਕੜੇ ਵਰਕਰਾਂ ਨਾਲ ਸ. ਛੋਟੇਪੁਰ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਉਹ ਹੁਣ ਪੰਜਾਬ ਦੇ ਹੱਕਾਂ ਯਾਨੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦੇ ਹੱਕਾਂ ਸਮੇਤ ਰਾਜਾਂ ਦੇ ਵੱਧ ਅਧਿਕਾਰਾਂ ਲਈ ਸੰਘਰਸ਼ ਜਾਰੀ ਰੱਖਣਗੇ। ਇਸ ਪ੍ਰੈਸ ਕਾਨਫ਼ਰੰਸ ਮੌਕੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਅਕਾਲੀ ਦਲ ਵਿਚ ਵਾਪਸ ਆਉਣ ਨਾਲ ਵਿਧਾਨ ਸਭਾ ਚੋਣਾਂ ਵਿਚ ਹੋਰ ਸਫ਼ਲਤਾ ਮਿਲੇਗੀ ਅਤੇ ਮਾਝੇ ਸਮੇਤ ਦੋਆਬਾ ਤੇ ਮਾਲਵੇ ਵਿਚ ਕਾਂਗਰਸ ਤੇ ‘ਆਪ’ ਨਾਲ ਟੱਕਰ ਵਿਚ ਕਾਮਯਾਬੀ ਮਜ਼ਬੂਤ ਹੋਵੇਗੀ। ਮੀਡੀਆ ਵਲੋਂ ਕੀਤੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਵਲੋਂ ਸਿਰਫ਼ ਪ੍ਰੈਕਟੀਕਲ ਵਾਅਦੇ ਕੀਤੇ ਜਾ ਰਹੇ ਹਨ ਜੋ ਨਿਭਾਏ ਜਾ ਸਕਦੇ ਹੋਣ, ਜਿਵੇਂ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਲਈ 10 ਲੱਖ ਕਰਜ਼ਾ ਚੁਕਣ ਲਈ ਵਿਆਜ਼ ਭਰਨ ਦੀ ਗਰੰਟੀ, ਪੈਨਸ਼ਨਾ ਦੇਣ ਦੀ ਸਕੀਮ, ਬਿਜਲੀ ਸਸਤੀ ਅਤੇ ਹਸਪਤਾਲਾਂ ਵਿਚ ਹਿਲਾਜ ਲਈ ਸਹੂਲਤਾਂ। ਸ. ਬਾਦਲ ਨੇ ਕਾਂਗਰਸ ਤੇ ‘ਆਪ’ ਵਲੋਂ ਕੀਤੇ ਜਾ ਰਹੇ ਚੋਣ ਵਾਅਦਿਆਂ ਨੂੰ ‘ਨਕਲੀ ਤੇ ਫੋਕਾ’ ਕਰਾਰ ਦਿਤਾ ਤੇ ਕਿਹਾ ਕਿ ਇਹ ਦੋਵੇਂ ਧਿਰਾਂ ਦੇ ਨਾਹਰੇ ਅਤੇ ਵਾਅਦਿਆਂ ਨੂੰ ਅਮਲੀ ਰੂਪ ਨਹੀਂ ਦਿਤਾ ਜਾ ਸਕਦਾ ਅਤੇ ਜਨਤਾ ਨਾਲ ਧੋਖਾ ਹੋਵੇਗਾ।
ਅਰਵਿੰਦ ਕੇਜਰੀਵਾਲ ਦੇ ਵਾਅਦਿਆਂ ਤੇ ਗਰੰਟੀਆਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਆਪ ਦਾ ਇਹ ਕਨਵੀਨਰ ਇੰਨੇ ਵਾਅਦੇ ਕਰੀ ਜਾ ਰਿਹਾ ਹੈ ਜਿਸ ਦੀ ਭਰਪਾਈ ਸਾਰੇ ਸਾਲ ਦੇ ਬਜਟ 1,64,00,000 ਕਰੋੜ ਨਾਲ ਵੀ ਪੂਰੀ ਨਹੀਂ ਹੋ ਸਕੇਗੀ।
ਫ਼ੋਟੋ: ਸੰਤੋਖ ਸਿੰਘ ਵਲੋਂ