10ਵੀਂ ਨੈਸ਼ਨਲ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ: ਫੌਜਾ ਸਿੰਘ ਸਰਾਰੀ ਨੇ 200 ਮੀਟਰ ਅਤੇ 500 ਮੀਟਰ ਮੁਕਾਬਲਿਆਂ ਦਾ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਮਾਨ ਸਰਕਾਰ ਸੂਬੇ ਵਿੱਚ ਅਤਿ-ਆਧੁਨਿਕ ਖੇਡ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਕੈਬਨਿਟ ਮੰਤਰੀ

10th National Dragon Boat Racing Championship

ਚੰਡੀਗੜ੍ਹ :  ਪੰਜਾਬ ਦੇ ਬਾਗ਼ਬਾਨੀ, ਫੂਡ ਪ੍ਰੋਸੈਸਿੰਗ, ਰੱਖਿਆ ਸੇਵਾਵਾਂ ਭਲਾਈ ਅਤੇ ਆਜ਼ਾਦੀ ਘੁਲਾਟੀਆਂ ਬਾਰੇ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਅੱਜ ਇੱਥੇ ਸੁਖਨਾ ਝੀਲ ਵਿਖੇ ਚੱਲ ਰਹੀ 10ਵੀਂ ਨੈਸ਼ਨਲ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ ਦੌਰਾਨ 200 ਮੀਟਰ ਅਤੇ 500 ਮੀਟਰ ਬੋਟ ਰੇਸ ਮੁਕਾਬਲਿਆਂ ਦਾ ਉਦਘਾਟਨ ਕੀਤਾ।    

ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਦੇਸ਼ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕਰਨ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਕੈਬਿਨੇਟ ਮੰਤਰੀ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਪੁਰਸ਼ ਵਰਗ ਦੇ 1000 ਮੀਟਰ ਮੁਕਾਬਲੇ ਵਿੱਚ ਹਰਿਆਣਾ ਨੇ ਪਹਿਲਾ, ਪੰਜਾਬ ਨੇ ਦੂਜਾ ਅਤੇ ਦਿੱਲੀ ਨੇ ਤੀਜਾ ਇਨਾਮ ਜਿੱਤਿਆ ਅਤੇ ਮਹਿਲਾ ਵਰਗ ਵਿੱਚ ਹਰਿਆਣਾ ਦੀ ਟੀਮ ਨੇ ਸੋਨੇ, ਪੰਜਾਬ ਨੇ ਚਾਂਦੀ ਅਤੇ ਹਿਮਾਚਲ ਪ੍ਰਦੇਸ਼ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਡਰੈਗਨ ਬੋਝ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ ਜਾ ਰਹੀ ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ 18 ਸੂਬੇ ਭਾਗ ਲੈ ਰਹੇ ਹਨ। 

ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ. ਸਰਾਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਤਾਂ ਜੋ ਪੰਜਾਬ ਨੂੰ ਖੇਡਾਂ ਵਿੱਚ ਕੌਮੀ ਪੱਧਰ ਉਤੇ ਮੁੜ ਝੰਡਾ ਬਰਦਾਰ ਬਣਾਇਆ ਜਾ ਸਕੇ। 
ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਛੁਪੇ ਖੇਡ ਹੁਨਰ ਦੀ ਪਛਾਣ ਕਰਨ ਅਤੇ ਇਸ ਨੂੰ ਨਿਖਾਰ ਕੇ ਕੌਮਾਂਤਰੀ ਪੱਧਰ ਦੇ ਉੱਘੇ ਖਿਡਾਰੀ ਪੈਦਾ ਕਰਨ ਵਾਸਤੇ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ”ਕਾਰਵਾਈਆਂ ਗਈਆਂ।