ਪਠਾਨਕੋਟ ਅਤੇ ਗੁਰਦਾਸਪੁਰ ਦੇ ਖਜ਼ਾਨਾ ਅਫਸਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੀਤਾ ਗਿਆ ਮੁਅੱਤਲ
ਸੁਖਵਿੰਦਰ ਸਿੰਘ ਕੋਲ ਦੋਵਾਂ ਜ਼ਿਲ੍ਹਿਆਂ ਦੇ ਖ਼ਜ਼ਾਨਾ ਅਫ਼ਸਰ ਦਾ ਚਾਰਜ ਸੀ
ਪਠਾਨਕੋਟ : ਪਠਾਨਕੋਟ ਅਤੇ ਗੁਰਦਾਸਪੁਰ ਦੇ ਖਜ਼ਾਨਾ ਅਫਸਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਖ਼ਜ਼ਾਨਾ ਅਫ਼ਸਰ ਸੁਖਵਿੰਦਰ ਸਿੰਘ ਕੋਲ ਗੁਰਦਾਸਪੁਰ ਅਤੇ ਪਠਾਨਕੋਟ ਦੋਵਾਂ ਜ਼ਿਲ੍ਹਿਆਂ ਦੇ ਖ਼ਜ਼ਾਨਾ ਅਫ਼ਸਰ ਦਾ ਚਾਰਜ ਸੀ। ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੈ ਕੁਮਾਰ ਸਿਨਹਾ ਵੱਲੋਂ ਭੇਜੇ ਹੁਕਮਾਂ ਅਨੁਸਾਰ ਸੁਖਵਿੰਦਰ ਸਿੰਘ 'ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ ਦੀ ਜਾਂਚ 'ਤੇ ਵਿਭਾਗੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ |
ਅਧਿਕਾਰੀ ਸੁਖਵਿੰਦਰ ਸਿੰਘ ਦਾ ਦਫ਼ਤਰ ਬੰਦ ਸੀ। ਦਰਵਾਜ਼ੇ 'ਤੇ ਉਸ ਦੇ ਨਾਂ ਦੀ ਤਖ਼ਤੀ ਜ਼ਰੂਰ ਲੱਗੀ ਹੋਈ ਸੀ। ਪੰਜਾਬ ਰਾਜ ਖ਼ਜ਼ਾਨਾ ਦਫ਼ਤਰ ਅਤੇ ਖੇਤਰੀ ਖ਼ਜ਼ਾਨਾ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪੰਜਾਬ ਸਰਕਾਰ ਤੱਕ ਪੁੱਜੀਆਂ ਸਨ, ਜਿਸ ’ਤੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 2 ਜੂਨ ਨੂੰ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਟੀਮ ਦੀ ਜਾਂਚ ਵਿੱਚ ਖਜ਼ਾਨਾ ਵਿਭਾਗ ਤੋਂ 86 ਲੱਖ ਦੀ ਗੈਰ-ਕਾਨੂੰਨੀ ਨਿਕਾਸੀ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਖਜ਼ਾਨਾ ਵਿਭਾਗ ਦੇ 3 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਕੁਝ ਹੋਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ।