11 ਮਹੀਨੇ ਤੋਂ ਸਾਊਦੀ ਅਰਬ 'ਚ ਫਸੇ ਨੌਜਵਾਨ ਨੂੰ ਵਾਪਸ ਪੰਜਾਬ ਲਿਆਂਦਾ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ): 11 ਮਹੀਨੇ ਪਹਿਲਾਂ ਕੰਮ ਲਈ ਸਾਊਦੀ ਅਰਬ ਜਾ ਕੇ ਫਸੇ ਪੰਜਾਬ ਦੇ ਇਕ ਨੌਜਵਾਨ ਨੂੰ ਵਾਪਸ ਪੰਜਾਬ ਲਿਆਉਣ 'ਚ ਹੈਲਪਿੰਗ ਹੈਪਲੈਸ ਸੰਸਥਾ ਨੇ ਸਫ਼ਲਤਾ ਹਾਸਲ ਕੀਤੀ ਹੈ। ਸੰਸਥਾ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ. ਐਸ. ਨਗਰ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਾਊਦੀ ਅਰਬ ਵਿਚ ਫਸੇ ਨੌਜਵਾਨ ਗੁਰਵਿੰਦਰ ਸਿੰਘ (ਵਾਸੀ ਸੰਗਰੂਰ) ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਦਸਿਆ ਕਿ ਸੰਸਥਾ ਕੋਲ ਹੁਣ ਵੀ 30 ਨੌਜਵਾਨਾਂ ਦੇ ਕੇਸ ਹਨ ਜੋ ਵਿਦੇਸ਼ਾਂ 'ਚ ਫਸੇ ਹੋਏ ਹਨ।ਇਸ ਮੌਕੇ ਸਾਊਦੀ ਅਰਬ ਤੋਂ ਪਰਤੇ ਨੌਜਵਾਨ ਗੁਰਵਿੰਦਰ ਸਿੰਘ ਨੇ ਅਪਣੀ ਹੱਡਬੀਤੀ ਦਸਦਿਆਂ ਕਿਹਾ ਕਿ ਉਹ 11 ਮਹੀਨੇ ਪਹਿਲਾਂ ਇਕ ਏਜੰਟ ਦੇ ਰਾਹੀਂ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ। ਏਜੰਟ ਨੇ ਉਸ ਤੋਂ 1 ਲੱਖ ਰੁਪਏ ਲਏ ਸਨ। ਉਸ ਦਾ ਕੰਮ ਉਥੇ ਸਟੀਲ ਫਿਕਸਿੰਗ ਦਾ ਸੀ। ਉਸ ਨੇ ਕਿਹਾ ਕਿ ਏਅਰਪੋਰਟ 'ਤੇ ਹੀ ਉਸ ਦਾ ਪਾਸਪੋਰਟ ਤੇ ਸਾਰੇ ਕਾਗ਼ਜ਼ਾਤ ਲੈ ਲਏ ਗਏ। ਪਹਿਲਾਂ ਉਸ ਤੋਂ ਕੰਪਨੀ ਵਿਚ 2 ਮਹੀਨੇ ਕੰਮ ਕਰਵਾਇਆ ਗਿਆ, ਫਿਰ ਸ਼ਹਿਰ ਤੋਂ ਦੂਰ ਇਕ ਫਾਰਮ 'ਤੇ ਕੰਮ ਕਰਵਾਉਣ ਲਈ ਲੈ ਗਏ। ਜਦੋਂ ਉਸ ਨੇ ਕੰਮ ਦੇ ਪੈਸੇ ਮੰਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਦੇ ਏਜੰਟ ਨੂੰ ਸਾਰੇ ਸਾਲ ਦੇ ਪੈਸੇ ਦੇ ਦਿਤੇ ਹਨ।