ਸੱਤਾਧਿਰ ਕਾਂਗਰਸ ਵਲੋਂ ਸੁਖਬੀਰ ਨੂੰ ਘੇਰਨ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਾਰਮਕ ਬੇਅਦਬੀ ਦੇ ਮਾਮਲਿਆਂ ਵਿਚ ਅਕਾਲੀ ਦਲ ਖ਼ਾਸਕਰ ਬਾਦਲ ਪ੍ਰਵਾਰ ਦੇ ਆਗੂਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਭੰਡਣ ਤੋਂ ਬਾਅਦ ਹੁਣ ਸੱਤਾਧਾਰੀ ਕਾਂਗਰਸ........

Sukhbir Singh Badal

ਚੰਡੀਗੜ੍ਹ  : ਧਾਰਮਕ ਬੇਅਦਬੀ ਦੇ ਮਾਮਲਿਆਂ ਵਿਚ ਅਕਾਲੀ ਦਲ ਖ਼ਾਸਕਰ ਬਾਦਲ ਪ੍ਰਵਾਰ ਦੇ ਆਗੂਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਭੰਡਣ ਤੋਂ ਬਾਅਦ ਹੁਣ ਸੱਤਾਧਾਰੀ ਕਾਂਗਰਸ ਨੇ ਦਲ ਦੇ ਪ੍ਰਧਾਨ ਅਤੇ ਅਕਾਲੀ ਵਿਧਾਇਕ ਸੁਖਬੀਰ ਬਾਦਲ ਨੂੰ ਹੋਰ ਅਗਿਉਂ ਘੇਰਨ ਅਤੇ ਨੀਵਾਂ ਦਿਖਾਉਣ ਦੀ ਤਿਆਰੀ ਕਰ ਲਈ ਹੈ।
ਵਿਧਾਨ ਸਭਾ ਕੰਪਲੈਕਸ ਵਿਚ ਦੁਪਹਿਰ 12 ਵਜੇ ਹੋਈ ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ਵਿਚ ਸਭਾਪਤੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ 12 ਮੈਂਬਰਾਂ ਵਿਚੋਂ ਹਾਜ਼ਰ 8 ਮੈਂਬਰਾਂ ਸਾਹਮਣੇ ਫ਼ੈਸਲਾ ਲਿਆ

ਕਿ ਸਦਨ ਦੀ ਤੌਹੀਨ ਕਰਨ 'ਤੇ ਹਾਊਸ ਵਿਚ ਗ਼ਲਤ ਬਿਆਨੀ ਤੇ ਦੂਸ਼ਣਬਾਜ਼ੀ ਕਰਨ ਦੇ ਦੋਸ਼ ਵਿਚ ਸੁਖਬੀਰ ਬਾਦਲ ਵਿਰੁਧ ਸਖ਼ਤ ਐਕਸ਼ਨ ਦੀ ਸਿਫ਼ਾਰਸ਼ ਕੀਤੀ ਜਾਵੇ। ਆਮ ਪ੍ਰੈਕਟਿਸ ਯਾਨੀ ਸ਼ੁਕਰਵਾਰ ਨੂੰ ਪਰਿਵਲੇਜ ਕਮੇਟੀ ਦੀ ਬੈਠਕ ਕਰਨ ਤੋਂ ਇਕ ਦਿਨ ਪਹਿਲਾਂ ਹੀ ਅੱਜ ਬੈਠਕ ਕਰ ਕੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਉਠਾਏ ਗਏ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮਾਮਲੇ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਧਾਨ ਸਭਾ ਸੂਤਰਾਂ ਨੇ ਦਸਿਆ ਕਿ ਇਸ ਕਮੇਟੀ ਦੀ ਅਗਲੀ ਬੈਠਕ ਆਉਂਦੇ ਸ਼ੁਕਰਵਾਰ 12 ਵਜੇ ਰੱਖੀ ਲਈ ਹੈ ਜਿਸ ਵਿਚ ਮੰਤਰੀ ਬ੍ਰਹਮ ਮਹਿੰਦਰਾ ਇਸ ਮਾਮਲੇ 'ਤੇ ਤੱਥ ਬਿਆਨ ਕਰਨਗੇ

ਅਤੇ ਇਸ ਆਧਾਰ 'ਤੇ ਅਕਾਲੀ ਲੀਡਰ ਸੁਖਬੀਰ ਬਾਦਲ ਨੂੰ ਅਪਣਾ ਪੱਖ ਪੇਸ਼ ਕਰਨ ਵਾਸਤੇ ਤਲਬ ਕੀਤਾ ਜਾਵੇਗਾ। ਸਦਨ ਦੀ ਤੌਹੀਨ ਕਰਨ, ਸਪੀਕਰ ਵਿਰੁਧ ਭੱਦੀ ਭਾਸ਼ਾ ਬੋਲਣ, ਸਦਨ ਤੇ ਸਦਨ ਤੋਂ ਬਾਹਰ ਜਾ ਕੇ ਤੱਥਾਂ ਦੇ ਉਲਟ ਬਿਆਨਬਾਜ਼ੀ ਕਰਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ, ਹਾਉੂਸ ਵਿਚ ਪਾੜ ਕੇ ਸੁੱਟਣ ਅਤੇ ਬਲਜੀਤ ਸਿੰਘ ਦਾਦੂਵਾਲ ਬਾਰੇ ਮੁੱਖ ਮੰਤਰੀ ਦੇ ਘਰ ਜਾਣ ਸਬੰਧੀ ਸਦਨ ਵਿਚ ਗ਼ਲਤ ਬਿਆਨਬਾਜ਼ੀ ਕਰਨ ਦੇ ਸੰਗੀਨ ਦੋਸ਼ ਸੁਖਬੀਰ ਬਾਦਲ ਵਿਰੁਧ ਹਨ।

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਪ੍ਰਧਾਨਗੀ ਹੇਠ 5 ਮੈਂਬਰੀ ਕਮੇਟੀ ਇਨ੍ਹਾਂ ਦੋਸ਼ਾਂ ਤੇ ਤੱਥਾਂ ਦੀ ਜਾਂਚ ਕਰਨ ਵਾਸਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਗਠਤ ਕੀਤੀ ਸੀ ਜਿਸ ਨੇ ਕੁਲ 6 ਬੈਠਕਾਂ ਕਰ ਕੇ 12 ਸਫ਼ਿਆਂ ਦੀ ਰੀਪੋਰਟ ਦਿਤੀ ਸੀ। ਇਸ ਦੇ ਆਧਾਰ 'ਤੇ ਬ੍ਰਹਮ ਮਹਿੰਦਰਾ ਵਲੋਂ ਉਠਾਏ ਗਏ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਮੁਤਾਬਕ ਹੁਣ ਅਕਾਲੀ ਦਲ ਦੇ ਪ੍ਰਧਾਨ ਨੂੰ ਤਲਬ ਕੀਤਾ ਜਾਵੇਗਾ। ਇਹ ਵੀ ਦਸਣਾ ਬਣਦਾ ਹੈ ਕਿ 12 ਮੈਂਬਰੀ ਮੌਜੂਦਾ ਪਰਿਵਲੇਜ ਕਮੇਟੀ ਦਾ ਕਾਰਜਕਾਲ 31 ਮਾਰਚ ਤਕ ਹੈ ਅਤੇ ਹੋ ਸਕਦਾ ਹੈ

ਕਿ ਕਾਂਗਰਸ ਪਾਰਟੀ ਫ਼ਰਵਰੀ ਵਿਚ ਹੀ ਸੁਖਬੀਰ ਬਾਦਲ ਵਿਰੁਧ ਐਕਸ਼ਨ ਲੈਣ ਦੀ ਸਿਫ਼ਾਰਸ਼ ਵਿਧਾਨ ਸਭਾ ਹਾਊਸ ਨੂੰ ਕਰੇਗੀ। ਬੈਠਕ ਵਿਚ ਕਾਂਗਰਸੀ ਵਿਧਾਇਕ ਧਰਮਬੀਰ ਅਗਨੀਹੋਤਰੀ, ਪ੍ਰਗਟ ਸਿੰਘ, ਕੁਲਦੀਪ ਸਿੰਘ ਵੈਦ, ਤਰਸੇਮ ਸਿੰਘ ਡੀ.ਸੀ. ਅਤੇ ਅਕਾਲੀ ਵਿਧਾਇਕ ਸੁਖਵਿੰਦਰ ਕੁਮਾਰ, ਪਵਨ ਟੀਨੂੰ ਹਾਜ਼ਰ ਸਨ। 'ਆਪ' ਵਿਧਾਇਕ ਜਗਦੇਵ ਸਿੰਘ ਵੀ ਹਾਜ਼ਰ ਹੋਏ।

ਗ਼ੈਰ ਹਾਜ਼ਰ ਵਿਧਾਇਕਾਂ ਵਿਚ ਰੁਪਿੰਦਰ ਕੌਰ ਰੂਬੀ, ਫ਼ਤਿਹਜੰਗ ਬਾਜਵਾ, ਅਵਤਾਰ ਸਿੰਘ ਜੂਨੀਅਰ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਨ। ਇਹ ਵੀ ਪਤਾ ਲੱਗਾ ਹੈ ਕਿ ਹਾਊਸ ਵਲੋਂ ਬਣਾਈ 5 ਮੈਂਬਰੀ ਕਮੇਟੀ ਵਿਚ ਅਕਾਲੀ ਦਲ ਦੇ ਮੈਂਬਰ ਦਿਲਰਾਜ ਸਿੰਘ ਭੂੰਦੜ ਨੇ 6 ਬੈਠਕਾਂ, 20 ਸਤੰਬਰ, 3 ਅਕਤੂਬਰ, 22 ਅਕਤੂਬਰ, 26 ਅਕਤੂਬਰ, 10 ਦਸੰਬਰ, 11 ਦਸੰਬਰ ਵਿਚੋਂ ਇਕ 'ਚ ਵੀ ਹਾਜ਼ਰੀ ਨਹੀਂ ਭਰੀ ਅਤੇ ਨਾ ਹੀ ਅਪਣੀ ਕੋਈ ਵਿਰੋਧੀ ਰਾਏ ਹੀ ਦਿਤੀ।