ਪਹਿਲਾ ਟੀਚਾ ਕੈਪਟਨ ਨੂੰ ਮੁੱਖ ਮੰਤਰੀ ਬਣਾਉਣਾ ਸੀ, ਹੁਣ ਰਾਹੁਲ ਨੂੰ ਪ੍ਰਧਾਨ ਮੰਤਰੀ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪਾਰਟੀ ਵਲੋਂ ਲੋਕ ਸਭਾ ਚੋਣ ਲੜਾਏ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ......

Navjot Singh Sidhu During interview with Rozana Spokesman Journalist

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪਾਰਟੀ ਵਲੋਂ ਲੋਕ ਸਭਾ ਚੋਣ ਲੜਾਏ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।  'ਸਪੋਕਸਮੈਨ ਵੈਬ ਟੀ.ਵੀ' 'ਤੇ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਕਈ ਅਹਿਮ ਪ੍ਰਗਟਾਵੇ ਕੀਤੇ ਹਨ। ਅਪਣੇ ਜਾਂ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਲੋਕ ਸਭਾ ਚੋਣ ਲੜਨ ਬਾਰੇ ਸਵਾਲ 'ਤੇ ਸਿੱਧੂ ਨੇ ਕਿਹਾ, ''ਸਿਪਾਹੀ ਹਮੇਸ਼ਾ ਓਹੀ ਕਰਦਾ ਹੈ ਜੋ ਜਰਨੈਲ ਹੁਕਮ ਦਿੰਦਾ ਹੈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਵੇਂ ਹੁਕਮ ਹੋਵੇਗਾ, ਉਸ ਤਰ੍ਹਾਂ ਹੀ ਹੋਵੇਗਾ

ਪਰ ਜਿਥੋਂ ਤਕ ਮੈਨੂੰ ਜਾਪਦੈ ਕਿ ਪਾਰਟੀ ਮੇਰੀ ਵਰਤੋਂ ਪੂਰੇ ਮੁਲਕ 'ਚ ਚੋਣ ਪ੍ਰਚਾਰ ਲਈ ਕਰਨਾ ਚਾਹੁੰਦੀ ਹੈ ਜਿਸ ਕਰ ਕੇ ਮੈਨੂੰ ਚੋਣ ਲੜਾਉਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਜਾਪਦੀ।' ਉਨ੍ਹਾਂ ਕਿਹਾ ਕਿ ਜੇ ਪਾਰਟੀ ਨਵਜੋਤ ਕੌਰ ਨੂੰ ਚੋਣ ਲੜਨ ਲਈ ਕਹੇਗੀ ਤਾਂ ਉਹ ਜ਼ਰੂਰ ਵਿਚਾਰ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਿੱਧੂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣ ਲੜਾਉਣ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਅਜਿਹਾ ਕੁੱਝ ਨਹੀਂ। ਉਹ ਕਦੇ ਬਠਿੰਡਾ 'ਚ ਸਰਗਰਮੀ ਨਾਲ ਵਿਚਰੇ ਨਹੀਂ ਜਿਸ ਕਰ ਕੇ ਬਠਿੰਡਾ ਤੋਂ ਚੋਣ ਲੜਨ ਦੀ ਵੀ ਕੋਈ ਤੁਕ ਨਹੀਂ ਬਣਦੀ। ਸਿੱਧੂ ਨੇ ਕਿਹਾ ਕਿ ਹੁਣ ਟੀਚਾ ਰਾਹੁਲ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਹੈ।

ਇਸ ਤੋਂ ਪਹਿਲਾਂ ਟੀਚਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਮੁਹਿੰਮ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਨਤੀਜਾ 32 ਫ਼ੀ ਸਦੀ ਰਿਹਾ ਜਦਕਿ ਰਾਹੁਲ ਗਾਂਧੀ ਦਾ 83 ਫ਼ੀ ਸਦੀ ਨਤੀਜਾ ਰਿਹਾ ਅਤੇ ਕਰੀਬ-ਕਰੀਬ 70 ਰੈਲੀਆਂ ਕੀਤੀਆਂ ਗਈਆਂ ਹਨ। ਪਾਰਟੀ ਦੇ ਕਿਸੇ 'ਖ਼ੇਮੇ' ਵਲੋਂ ਸਿੱਧੂ ਨੂੰ ਕੇਂਦਰ 'ਚ ਧੱਕਣ ਦੇ ਕਿਆਸਿਆਂ  ਬਾਰੇ ਸਵਾਲ ਪੁੱਛਣ 'ਤੇ ਉਨ੍ਹਾਂ ਪ੍ਰਿਯੰਕਾ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ, 'ਉਨ੍ਹਾਂ ਮੈਨੂੰ ਖ਼ਾਨਦਾਨੀ ਤੌਰ 'ਤੇ ਜੋ ਮਾਣ ਇੱਜ਼ਤ ਦਿਤੀ ਹੈ, ਮੈਂ ਉਸ ਦਾ ਦੇਣਾ ਨਹੀਂ ਦੇ ਸਕਦਾ।

ਇਸ ਲਈ ਉਹ ਜਿਸ ਰੋਲ ਵਿਚ ਮੈਨੂੰ ਵੇਖਣਾ ਚਾਹੁੰਦੇ ਹਨ, ਉਸ ਰੋਲ ਵਿਚ ਮੈਂ ਸ਼ਾਮਲ ਹੋਣ ਲਈ ਤਿਆਰ ਹਾਂ ਪਰ ਮੈਂ ਅਪਣੀ ਜੜ੍ਹ (ਪੰਜਾਬ) ਨਹੀਂ ਛੱਡ ਸਕਦਾ ਕਿਉਂਕਿ ਉਸ ਜੜ੍ਹ ਤੋਂ ਹੀ ਮੈਂ ਤਾਕਤ ਲੈਂਦਾ ਹਾਂ।” ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੇਂਦਰ ਵਿਚ ਹੀ ਜਾਣਾ ਹੁੰਦਾ ਤਾਂ ਭਾਜਪਾ 'ਚ ਹੋਣ ਵੇਲੇ ਅੰਮ੍ਰਿਤਸਰ ਛੱਡ ਕੇ ਕੁਰੂਕੁਸ਼ੇਤਰ ਤੋਂ ਇਲੈਕਸ਼ਨ ਵੀ ਲੜ ਸਕਦੇ ਸੀ।

ਬਗ਼ੈਰ ਲਾਬੀ ਸਿਆਸਤ

ਨਵਜੋਤ ਸਿੰਘ ਸਿੱਧੂ ਨੇ ਕਿਹਾ, ''ਮੇਰੀ ਲਾਬੀ ਪੂਰੇ ਹਿੰਦੂਸਤਾਨ ਦੀ ਕਾਂਗਰਸ ਹੈ। ਲਾਬੀਆਂ ਵਾਲੇ ਫ਼ੈਸਲੇ ਹਾਈ ਕਮਾਂਡ ਦੇ ਹੁੰਦੇ ਹਨ। ਜਿਹੜੇ ਸੱਚੇ ਸਿਪਾਹੀ ਹੁੰਦੇ ਹਨ, ਸੱਚੇ ਜਰਨੈਲ ਹੁੰਦੇ ਹਨ, ਉਹ ਕਦੇ ਵੀ ਭੰਨਤੋੜ ਜਾਂ ਸਾਜ਼ਸ਼ਾਂ ਨਹੀਂ ਕਰਦੇ। ਉਹ ਜੋ ਕੁੱਝ ਵੀ ਕਰਦੇ ਹਨ, ਸ਼ਰੇਆਮ ਕਰਦੇ ਹਨ।'

ਮੇਰੀ ਲੜਾਈ ਬਾਦਲਾਂ ਨਾਲ, ਸਾਥੀ ਮੰਤਰੀਆਂ ਨਾਲ ਨਹੀਂ

'ਕੌਣ ਕੈਪਟਨ' ਵਿਵਾਦ ਬਾਰੇ ਸਿੱਧੂ ਨੇ ਕਿਹਾ, 'ਉਨ੍ਹਾਂ ਸਾਥੀ ਮੰਤਰੀਆਂ ਨੇ ਜੋ ਕਿਹਾ, ਮੈਂ ਉਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਕਦੀ ਨਿੰਦਾ ਕੀਤੀ ਹੈ। ਮੇਰਾ ਕਿਸੇ ਨਾਲ ਕੋਈ ਮਤਭੇਦ ਨਹੀਂ ਹੈ, ਮੇਰੀ ਲੜਾਈ ਬਾਦਲਾਂ ਨਾਲ ਹੈ, ਦੇਸ਼ ਵਿਰੋਧੀਆਂ ਨਾਲ ਹੈ ਅਤੇ ਪ੍ਰਧਾਨ ਮੰਤਰੀ ਨਾਲ ਹੈ। ਮੈਨੂੰ ਪ੍ਰਧਾਨ ਮੰਤਰੀ ਦੇ ਝੂਠ ਤੋਂ ਸਖ਼ਤ ਨਫ਼ਰਤ ਹੈ।'

ਬਿਨ ਮੰਗੇ ਮੋਤੀ ਮਿਲਦੇ ਹਨ

ਪੰਜਾਬ 'ਚ ਕਿਆਸੇ ਜਾ ਰਹੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਬਾਰੇ ਪੁੱਛੇ ਗਏ ਸਵਾਲ ਨੂੰ ਸਿੱਧੂ ਟਾਲਦੇ ਜਾਪੇ। ਹਾਲੀਆ ਚੋਣਾਂ 'ਚ ਸਿੱਧੂ ਦਾ ਸਿਆਸੀ ਕੱਦ ਉੱਚਾ ਹੋਣ ਦੇ ਜ਼ਿਕਰ 'ਤੇ ਉਨ੍ਹਾਂ ਕਿਹਾ ਕਿ 'ਬਿਨ ਮੰਗੇ ਮੋਤੀ ਮਿਲਦੇ ਹਨ, ਮੰਗਿਆਂ ਭੀਖ ਨਹੀਂ ਮਿਲਦੀ।' ਉਨ੍ਹਾਂ ਕਿਹਾ ਕਿ ਨਾ ਤਾਂ ਕਦੇ ਅਹੁਦਿਆਂ ਦਾ ਸੋਚਿਆ ਸੀ ਅਤੇ ਨਾ ਹੀ ਅੱਗੇ ਕਦੇ ਸੋਚਾਂਗਾ। 

ਦਰਬਾਰ ਸਾਹਿਬ 'ਚ ਫ਼ੋਟੋਗ੍ਰਾਫ਼ੀ ਤੇ ਪਾਬੰਦੀ ਨੂੰ ਜਾਇਜ਼ ਦਸਿਆ

ਦਰਬਾਰ ਸਾਹਿਬ ਵਿਚ ਫ਼ੋਟੋਗ੍ਰਾਫ਼ੀ 'ਤੇ ਪਾਬੰਦੀ ਲਾਉਣ ਸਬੰਧੀ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਚ ਜਾ ਕੇ ਬੰਦਾ ਪਰਮਾਤਮਾ ਦਾ ਸਿਮਰਨ ਕਰੇਗਾ ਜਾਂ ਫ਼ੋਟੋਗ੍ਰਾਫ਼ੀ ਕਰੇਗਾ। ਫ਼ੈਸਲਾ ਬਿਲਕੁਲ ਸਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਰਬ ਸਾਂਝੀ ਗੁਰਬਾਣੀ ਦੇ ਟੀਵੀ ਪ੍ਰਸਾਰਣ ਦੇ ਹੱਕ ਰਾਖਵੇਂ ਨਹੀਂ ਹੋਣੇ ਚਾਹੀਦੇ। 

ਮਾਇਆਵਤੀ ਅਤੇ ਅਖਿਲੇਸ਼ 'ਤੇ ਟੇਕ 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 3 ਸੂਬਿਆਂ ਵਿਚ ਹੋਈਆਂ ਚੋਣਾਂ ਦਾ ਜਲਵਾ ਤਾਂ ਵੇਖ ਹੀ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਮਾਇਆਵਤੀ ਅਤੇ ਅਖਿਲੇਸ਼ ਭਾਜਪਾ ਵਿਰੁਧ ਬੋਲੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਦੋਹਾਂ ਕੋਲ 40 ਫ਼ੀ ਸਦੀ ਵੋਟਾਂ ਯੂਪੀ ਵਿਚ ਹਨ ਅਤੇ ਜੇ ਕਾਂਗਰਸ ਵੀ ਨਾਲ ਖੜੀ ਹੋ ਜਾਂਦੀ ਹੈ ਤਾਂ ਭਾਜਪਾ ਦਾ ਕੋਈ ਵਜੂਦ ਨਹੀਂ ਰਹਿ ਜਾਵੇਗਾ।   ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਕੱਦ ਬਹੁਤ ਉੱਚਾ ਹੋ ਚੁੱਕਾ ਹੈ। 

ਪੰਜਾਬ ਦਾ ਵਿਕਾਸ ਜ਼ਰੂਰ ਹੋਵੇਗਾ

ਪੰਜਾਬ ਦੇ ਵਿਕਾਸ ਉਤੇ ਪੁੱਛੇ ਗਏ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਜ਼ਰੂਰ ਹੋਵੇਗਾ। ਜਿੰਨਾ ਆਰਥਿਕ ਮੰਦੀ ਹੋਣ ਦੇ ਬਾਵਜੂਦ ਕਰ ਰਹੇ ਹਾਂ, ਓਨਾ 70 ਸਾਲ ਵਿਚ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜਿੰਨਾ ਕਰ ਸਕਦੇ ਹਾਂ, ਉਸ ਤੋਂ ਵੱਧ ਕਰ ਰਹੇ ਹਾਂ ਅਤੇ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਭਰਨ ਤੋਂ ਬਾਅਦ ਚੰਗੀ ਸੋਚ ਵਾਲੇ ਵਿਅਕਤੀਆਂ ਨੂੰ ਚੰਗੇ ਅਹੁਦਿਆਂ 'ਤੇ ਬਿਠਾਇਆ ਜਾਵੇਗਾ।