ਸੌਦਾ ਸਾਧ ਬਾਰੇ ਫ਼ੈਸਲੇ ਕਾਰਨ ਮਾਲਵਾ ਪੱੱਟੀ 'ਚ ਚੌਕਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਤਰਕਾਰ ਛੱਤਰਪਤੀ ਹਤਿਆ ਕਾਂਡ 'ਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਲੋਂ ਡੇਰਾ ਮੁਖੀ ਸਬੰਧੀ 11 ਜਨਵਰੀ ਨੂੰ ਸੁਣਾਏ ਜਾ ਰਹੇ ਫ਼ੈਸਲੇ........

Security

ਬਠਿੰਡਾ : ਪੱਤਰਕਾਰ ਛੱਤਰਪਤੀ ਹਤਿਆ ਕਾਂਡ 'ਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਲੋਂ ਡੇਰਾ ਮੁਖੀ ਸਬੰਧੀ 11 ਜਨਵਰੀ ਨੂੰ ਸੁਣਾਏ ਜਾ ਰਹੇ ਫ਼ੈਸਲੇ ਕਾਰਨ ਮਾਲਵਾ ਪੱਟੀ ਵਿਚ ਰੈਡ ਅਲਰਟ ਕਰ ਦਿਤਾ ਗਿਆ ਹੈ। ਇਸ ਪੱਟੀ 'ਚ ਭਾਰੀ ਗਿਣਤੀ ਵਿਚ ਸੌਦਾ ਸਾਧ ਦੇ ਚੇਲੇ ਰਹਿੰਦੇ ਹਨ। ਅਦਾਲਤ ਵਿਚ ਸੌਦਾ ਸਾਧ ਦੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਹੋਵੇਗੀ ਜਿਸ ਕਾਰਨ ਡੇਰਾ ਪ੍ਰੇਮੀਆਂ ਦੇ ਪਿਛਲੀ ਵਾਰ ਵਾਂਗ ਪੰਚਕੂਲਾ ਜਾਣ ਦੀ ਵੀ ਘੱਟ ਸੰਭਾਵਨਾ ਹੈ। ਦੋ ਦਿਨ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਡੇਰੇ ਦੀ 45 ਮੈਂਬਰੀ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਪੱਸ਼ਟ ਕਰ ਦਿਤਾ ਹੈ

ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗੀ। ਪੁਲਿਸ ਨੂੰ ਇਸ ਵਾਰ ਇਸ ਗੱਲ ਦੀ ਵੀ ਰਾਹਤ ਹੈ ਕਿ ਅਗੱਸਤ 2017 'ਚ ਹਿੰਸਾ ਫਲਾਉਣ ਵਿਚ ਜ਼ਿੰਮੇਵਾਰ ਰਹੇ ਡੇਰੇ ਦੇ ਮੈਂਬਰ ਹੁਣ ਬੇਅਦਬੀ ਕਾਂਡ ਕਾਰਨ ਜੇਲਾਂ ਅੰਦਰ ਹਨ। ਇਕੱਲੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਪੰਜਾਬ ਪੁਲਿਸ ਦੀਆਂ ਬਾਹਰ ਤੋਂ 15 ਕੰਪਨੀਆਂ ਮੰਗਵਾ ਕੇ ਤੈਨਾਤ ਕੀਤੀਆਂ ਗਈਆਂ ਹਨ। ਇਕੱਲੇ ਬਠਿੰਡਾ ਜ਼ਿਲ੍ਹੇ ਵਿਚ 2000 ਤੋਂ ਵੱਧ ਪੁਲਿਸ ਕਰਮਚਾਰੀ ਤੇ ਅਧਿਕਾਰੀ ਤੈਨਾਤ ਕੀਤੇ ਜਾ ਰਹੇ ਹਨ। ਮਾਲਵਾ ਖੇਤਰ ਦੇ 8 ਜ਼ਿਲ੍ਹਿਆਂ ਵਿਚ ਬਾਹਰ ਦੀਆਂ ਕੁਲ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਬਠਿੰਡਾ 'ਚ ਪੈਂਦੇ 11 ਨਾਮ ਚਰਚਾਵਾਂ ਘਰਾਂ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਡੇਰਾ ਸਿਰਸਾ ਤੋਂ ਬਾਅਦ ਪੰਜਾਬ 'ਚ ਦੂਜੇ ਨੰਬਰ 'ਤੇ ਬਠਿੰਡਾ ਜ਼ਿਲ੍ਹੇ ਦਾ ਡੇਰਾ ਸਲਾਬਤਪੁਰਾ ਹੀ ਆਉਂਦਾ ਹੈ। ਪੁਲਿਸ ਵਲੋਂ ਥਾਂ-ਥਾਂ ਨਾਕੇਬੰਦੀ ਕਰਨ ਤੋਂ ਇਲਾਵਾ ਪਟਰੋਲਿੰਗ ਪਾਰਟੀਆਂ ਵੀ ਬਣਾਈਆਂ ਗਈਆਂ ਹਨ। ਐਸ.ਐਸ.ਪੀ ਨਾਨਕ ਸਿੰਘ ਨੇ ਕਿਹਾ ਕਿ ਕਾਨੂੰਨ ਨੂੰ ਕਿਸੇ ਨੂੰ ਵੀ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।