GMCH-32 ਦੇ ਸਾਹਮਣੇ ਹਮਲਾ, ਮੁਲਜ਼ਮ ਫ਼ਰਾਰ

ਏਜੰਸੀ

ਖ਼ਬਰਾਂ, ਪੰਜਾਬ

ਗੋਲ਼ੀ ਲੱਗਣ ਨਾਲ ਜ਼ਖ਼ਮੀ ਨਾਲਾਗੜ੍ਹ ਦੇ 35 ਸਾਲਾ ਗੁਰਦਿਆਲਾ ਸਿੰਘ ਹਸਪਤਾਲ 'ਚ ਜ਼ੇਰੇ ਇਲਾਜ ਹੈ

File Photo

ਚੰਡੀਗੜ੍ਹ: ਜੀਐੱਮਸੀਐੱਚ-32 ਦੀ ਐਮਰਜੈਂਸੀ ਸਾਹਮਣੇ ਸ਼ੁੱਕਰਵਾਰ ਦੇਰ ਰਾਤ ਪੰਜਾਬ ਨੰਬਰ ਦੀ ਆਈ-20 ਕਾਰ 'ਤੇ ਤਾਬੜਤੋੜ ਪੰਜ ਗੋਲ਼ੀਆਂ ਚਲਾ ਕੇ ਮੁਲਜ਼ਮ ਫ਼ਰਾਰ ਹੋ ਗਏ। ਗੱਡੀ ਲਾਗੇ ਖੜ੍ਹੇ ਇਕ ਤੀਮਾਰਦਾਰ ਦੀ ਬਾਂਹ 'ਚ ਗੋਲ਼ੀ ਲੱਗ ਗਈ। ਉੱਥੇ ਹੀ ਸੂਚਨਾ ਮਿਲਣ 'ਤੇ ਪਹੁੰਚੀ ਆਪ੍ਰੇਸ਼ਨ ਸੈੱਲ ਡੀਐੱਸਪੀ ਦਿਲਸ਼ੇਰ ਚੰਦੇਲ ਸੈਕਟਰ 34 ਥਾਣਾ ਇੰਚਾਰਜ ਬਲਦੇਵ ਸਮੇਤ ਭਾਰੀ ਪੁਲਿਸ ਫੋਰਸ ਜਾਂਚ ਵਿਚ ਜੁੱਟ ਗਈ ਹੈ।

ਗੋਲ਼ੀ ਲੱਗਣ ਨਾਲ ਜ਼ਖ਼ਮੀ ਨਾਲਾਗੜ੍ਹ ਦੇ 35 ਸਾਲਾ ਗੁਰਦਿਆਲਾ ਸਿੰਘ ਹਸਪਤਾਲ 'ਚ ਜ਼ੇਰੇ ਇਲਾਜ ਹੈ। ਹਮਲਾਵਰਾਂ ਦੀ ਗਿਣਤੀ ਤਿੰਨ ਤੋਂ ਚਾਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਸਥਿਤ ਸਮਰਾਲਾ ਨਿਵਾਸੀ ਜਗਤਾਰ ਸਿੰਘ ਆਪਣੀ ਗੱਡੀ 'ਚ ਤਿੰਨ ਦੋਸਤਾਂ ਨਾਲ ਚੰਡੀਗੜ੍ਹ ਜੀਐੱਮਸੀਐੱਚ-32 'ਚ ਕਿਸੇ ਜਾਣਕਾਰ ਨੂੰ ਦਾਖ਼ਲ ਕਰਵਾਉਣ ਆਏ ਸਨ।

ਦੇਰ ਰਾਤ ਕਾਰ 'ਚ ਸਵਾਰ ਤਿੰਨ ਤੋਂ ਚਾਰ ਮੁਲਜ਼ਮ ਹਸਪਤਾਲ ਕੰਪਲੈਕਸ ਪਹੁੰਚੇ ਤੇ ਗੱਡੀ 'ਤੇ ਤਾਬੜਤੋੜ ਪੰਜ ਗੋਲ਼ੀਆਂ ਵਰ੍ਹਾਉਣ ਤੋਂ ਬਾਅਦ ਫ਼ਰਾਰ ਹੋ ਗਏ।ਵਾਰਦਾਤ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਪੰਜਾਬ ਨੰਬਰ ਦੀ ਆਈ-20 ਕਾਰ ਕਬਜ਼ੇ 'ਚ ਲੈ ਕੇ ਗੱਡੀ 'ਚ ਸਵਾਰ ਜਗਤਾਰ ਸਿੰਘ ਸਮੇਤ ਤਿੰਨਾਂ ਨੌਜਵਾਨਾਂ ਨੂੰ ਸੈਕਟਰ-34ਸੀ ਥਾਣੇ ਲੈ ਗਈ।

ਪੁਲਿਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਉਹ ਆਰਟਿਸਟ ਹੈ ਤੇ ਟਿਕਟਾਕ 'ਤੇ ਅਕਸਰ ਵੀਡੀਓ ਅਪਲੋਡ ਕਰਦਾ ਹੈ। ਸੂਤਰਾਂ ਅਨੁਸਾਰ ਹਮਲਾ ਕਰਨ ਵਾਲੇ ਮੁਲਜ਼ਮ ਇਨ੍ਹਾਂ ਨੌਜਵਾਨਾਂ ਦੇ ਜਾਣਕਾਰ ਹਨ ਤੇ ਪੁਰਾਣੀ ਰੰਜਿਸ਼ ਤਹਿਤ ਗੋਲ਼ੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ 'ਚ ਆਏ ਸਨ। ਹਾਲਾਂਕਿ ਵਾਰਦਾਤ ਵੇਲੇ ਕਾਰ ਸਵਾਰ ਤਿੰਨੋਂ ਨੌਜਵਾਨ ਐਮਰਜੈਂਸੀ ਦੇ ਅੰਦਰ ਸਨ ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।