ਬਾਜਵਾ ਤੇ ਢੀਂਡਸਾ ਨੇ ਕੀਤਾ ਸੰਸਦੀ ਕਮੇਟੀ ਦੀ ਮੀਟਿੰਗ ਵਿਚੋਂ ਵਾਕਆਊਟ

ਏਜੰਸੀ

ਖ਼ਬਰਾਂ, ਪੰਜਾਬ

ਬਾਜਵਾ ਤੇ ਢੀਂਡਸਾ ਨੇ ਕੀਤਾ ਸੰਸਦੀ ਕਮੇਟੀ ਦੀ ਮੀਟਿੰਗ ਵਿਚੋਂ ਵਾਕਆਊਟ

image

ਚੰਡੀਗੜ੍ਹ, 11 ਜਨਵਰੀ (ਗੁਰਉਪਦੇਸ਼ ਭੁੱਲਰ, ਸੁਰਜੀਤ ਸਿੰਘ ਸੱਤੀ): ਅੱਜ ਨਵੀਂ ਦਿੱਲੀ ਵਿਚ ਖੇਤੀ ਨਾਲ ਸਬੰਧਤ ਸੰਸਦੀ ਕਮੇਟੀ ਦੀ ਮੀਟਿੰਗ ਵਿਚ ਵੀ ਖੇਤੀ ਕਾਨੂੰਨਾਂ ਵਿਰੋਧ ਅੰਦੋਲਨ ਦੀ ਗੂੁੰਜ ਪਈ | ਖੇਤੀ ਸਬੰਧੀ ਸੰਸਦਾਂ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚੋਂ ਅੱਜ ਪੰਜਾਬ ਨਾਲ ਸਬੰਧਤ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਵਾਕਆਊਟ ਕੀਤਾ | ਉਨ੍ਹਾਂ ਨੂੰ ਇਕ ਹੋਰ ਕਾਂਗਰਸੀ ਮੈਂਬਰ ਛਾਇਆ ਵਰਮਾ ਦਾ ਵੀ ਸਾਥ ਮਿਲਿਆ | ਬਾਜਵਾ ਨੇ ਇਹ ਵੀ ਜਾਣਕਾਰੀ ਦਿੰਦਿਆਂ ਦਸਿਆ ਕਿ ਖੇਤੀ ਨਾਲ ਸਬੰਧਤ ਕਮੇਟੀ ਹੋਣ ਕਾਰਨ ਉਹ ਖੇਤੀ ਕਾਨੂੰਨਾਂ ਦਾ ਮੁੱਦਾ ਉਠਾਉਣਾ ਚਾਹੁੰਦੇ ਸਨ ਪਰ 
ਚੇਅਰਮੈਨ ਪੀ.ਸੀ. ਗਾਡੀਗੋਂਡਰ ਜੋ ਭਾਜਪਾ ਨਾਲ ਸਬੰਧਤ ਹਨ, ਨੇ ਇਸ ਦੀ ਆਗਿਆ ਨਹੀਂ ਦਿਤੀ | ਉਨ੍ਹਾਂ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਦੇਸ਼ ਵਿਚ ਐਨਾ ਵੱਡਾ ਕਿਸਾਨ ਅੰਦੋਲਨ ਚਲ ਰਿਹਾ ਹੈ ਤੇ ਦਿੱਲੀ ਦੀਆਂ ਹੱਦਾਂ ਵਿਚ ਲੱਗੇ ਮੋਰਚੇ ਵਿਚ ਠੰਢ ਕਾਰਨ ਰੋਜ਼ਾਨਾ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਖੇਤੀ ਨਾਲ ਸਬੰਧਤ ਕਮੇਟੀ ਵਿਚ ਹੀ ਖੇਤੀ ਕਾਨੂੰਨਾਂ 'ਤੇ ਚਰਚਾ ਨਹੀਂ ਕੀਤੀ ਜਾ ਸਕਦੀ | ਇਸ ਕਰ ਕੇ ਰੋਸ ਵਜੋਂ ਉਨ੍ਹਾਂ ਨੂੰ ਵਾਕਆਊਟ ਕਰਨਾ ਪਿਆ | ਬਾਜਵਾ ਨੇ ਸੁਪਰੀਮ ਕੋਰਟ ਦੀ ਸੁਣਵਾਈ ਸਮੇਂ ਟਿਪਣੀਆਂ ਦਾ ਸਵਾਗਤ ਕੀਤਾ ਤੇ ਕੇਂਦਰ ਸਰਕਾਰ ਨੂੰ ਤੁਰਤ ਕਾਨੂੰਨ ਰੱਦ ਕਰਨ ਦੀ ਮੰਗ ਵੀ ਕੀਤੀ ਹੈ |