ਤਿੰਨ ਕਾਨੂੰਨ ਰੱਦ ਕਰ ਦਿਉ ਤਾਂ ਭਾਵੇਂ ਰਾਜੋਆਣਾ ਅਤੇ ਭਾਈ ਹਵਾਰਾ ਸਮੇਤ ਸਾਰਿਆਂ ਨੂੰ ਛੱਡ ਦਿਉ

ਏਜੰਸੀ

ਖ਼ਬਰਾਂ, ਪੰਜਾਬ

ਤਿੰਨ ਕਾਨੂੰਨ ਰੱਦ ਕਰ ਦਿਉ ਤਾਂ ਭਾਵੇਂ ਰਾਜੋਆਣਾ ਅਤੇ ਭਾਈ ਹਵਾਰਾ ਸਮੇਤ ਸਾਰਿਆਂ ਨੂੰ ਛੱਡ ਦਿਉ

image

-ਸਾਡਾ ਪ੍ਰਵਾਰ ਵਿਰੋਧ ਨਹੀਂ ਕਰੇਗਾ : ਰਵਨੀਤ ਸਿੰਘ ਬਿੱਟੂ


ਨਵੀਂ ਦਿੱਲੀ, 10 ਜਨਵਰੀ (ਸ.ਸ.ਸ.): ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪ੍ਰਵਾਰ ਵਲੋਂ ਰਵਨੀਤ ਸਿੰਘ ਬਿੱਟੂ ਐਮ.ਪੀ. ਨੇ ਅੱਜ ਇਕ ਵੱਡੀ ਪੇਸ਼ਕਸ਼ ਕੀਤੀ ਕਿ ਜੇ ਕੇਂਦਰ ਸਰਕਾਰ ਖੇਤੀ ਬਾਰੇ ਤਿੰਨ ਕਾਲੇ ਕਾਨੂੰਨ ਰੱਦ ਕਰ ਦੇਵੇ ਤਾਂ ਭਾਈ ਰਾਜੋਆਣਾ ਅਤੇ ਭਾਈ ਹਵਾਰਾ ਸਮੇਤ ਸਾਰੇ ਹੀ 'ਖਾੜਕੂ' ਰਿਹਾਅ ਕਰ ਦਿਤੇ ਜਾਣ, ਉਨ੍ਹਾਂ ਦਾ ਪ੍ਰਵਾਰ ਕੋਈ ਇਤਰਾਜ਼ ਨਹੀਂ ਕਰੇਗਾ | 
ਯਾਦ ਰਹੇ, ਰਵਨੀਤ ਸਿੰਘ ਬਿੱਟੂ ਸਦਾ ਹੀ ਰਾਜੋਆਣਾ ਦੀ ਰਿਹਾਈ ਦਾ ਇਹ ਕਹਿ ਕੇ ਵਿਰੋਧਤਾ ਕਰਦੇ ਰਹੇ ਹਨ ਕਿ ਬਾਹਰ ਆ ਕੇ ਇਹ ਲੋਕ ਫਿਰ ਤੋਂ ਹਿੰਸਕ ਕਾਰਵਾਈਆਂ ਹੀ ਕਰਨਗੇ ਤੇ ਪੰਜਾਬ ਦੇ ਸ਼ਾਂਤ ਵਾਤਾਵਰਣ ਨੂੰ ਖ਼ਰਾਬ ਹੀ ਕਰਨਗੇ | ਪਰ ਹੁਣ ਉਨ੍ਹਾਂ ਦੇ ਸਾਰੇ ਪ੍ਰਵਾਰ ਨੇ ਰਲ ਬੈਠ ਕੇ ਫ਼ੈਸਲਾ ਲਿਆ ਹੈ ਕਿ ਜੇ ਇਸ ਵੇਲੇ ਦੀ ਪੰਜਾਬ ਦੀ ਸੱਭ ਤੋਂ ਵੱਡੀ ਮੰਗ (ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ) ਮੰਨ ਲਈ ਜਾਂਦੀ ਹੈ ਤਾਂ ਉਹ ਜੇਲਾਂ ਵਿਚ ਬੰਦ ਕਿਸੇ ਵੀ ਖਾੜਕੂ ਦੀ ਰਿਹਾਈ ਦੀ ਵਿਰੋਧਤਾ ਨਹੀਂ ਕਰਨਗੇ ਹਾਲਾਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਜਿਹਾ ਕਰ ਕੇ ਉਹ ਇਹ ਖ਼ਤਰਾ ਵੀ ਮੁੱਲ ਲੈ ਰਹੇ ਹਨ ਕਿ ਬਾਹਰ ਆ ਕੇ ਖਾੜਕੂ ਸਿੰਘ, ਰਵਨੀਤ ਸਿੰਘ ਬਿੱਟੂ ਨੂੰ ਵੀ ਗੋਲੀ ਮਾਰਨ ਦਾ ਫ਼ੈਸਲਾ ਕਰ ਸਕਦੇ ਹਨ | ਬਿੱਟੂ ਨੇ ਕਿਹਾ ਕਿ ਇਸ ਖ਼ਤਰੇ ਦੀ ਪ੍ਰਵਾਹ ਨਾ ਕਰਦਿਆਂ, ਉਨ੍ਹਾਂ ਦੇ ਸਾਰੇ ਪ੍ਰਵਾਰ ਨੇ ਸੋਚ ਸਮਝ ਕੇ ਫ਼ੈਸਲਾ ਲਿਆ ਹੈ ਪੰਜਾਬ ਦੇ ਭਲੇ ਨੂੰ ਪਹਿਲ ਦਿਤੀ ਜਾਏ ਤੇ ਅਪਣੀ ਫ਼ਿਕਰ ਨਾ ਕੀਤੀ ਜਾਏ ਤੇ ਨਾ ਹੀ ਮੋਦੀ ਸਰਕਾਰ ਨੂੰ ਇਹ ਬਹਾਨਾ ਬਣਾਉਣ ਦਾ ਮੌਕਾ ਦਿਤਾ ਜਾਏ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪ੍ਰਵਾਰ ਨੂੰ ਕਿਉਂਕਿ ਰਾਜੋਆਣਾ ਤੋਂ ਖ਼ਤਰਾ ਹੈ, ਇਸ ਲਈ ਉਸ ਨੂੰ ਸਜ਼ਾ ਮਾਫ਼ੀ ਨਹੀਂ ਦਿਤੀ ਜਾ ਸਕਦੀ | ਸਿਆਸੀ ਹਲਕਿਆਂ ਨੇ ਰਵਨੀਤ ਬਿੱਟੂ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ |