ਮਸਲਾ ਲਟਕਾਇਆ ਜਾਂਦਾ ਵੇਖ ਕੇ ਹਰਿਆਣਵੀ ਕਿਸਾਨਾਂ ਦੇ ਸਬਰ ਦਾ ਪਿਆਲਾ ਛਲਕਿਆ
ਮਸਲਾ ਲਟਕਾਇਆ ਜਾਂਦਾ ਵੇਖ ਕੇ ਹਰਿਆਣਵੀ ਕਿਸਾਨਾਂ ਦੇ ਸਬਰ ਦਾ ਪਿਆਲਾ ਛਲਕਿਆ
ਮੁੱਖ ਮੰਤਰੀ ਖੱਟੜ ਨੂੰ ਅਪਣੇ ਹਲਕੇ ਵਿਚ ਬੋਲਣੋਂ ਰੋਕਣ ਲਈ ਹਿੰਸਾ ਦਾ ਸਹਾਰਾ ਲਿਆ
ਚੰਡੀਗੜ੍ਹ, 10 ਜਨਵਰੀ (ਸ.ਸ.ਸ.): ਕੇਂਦਰ ਵਲੋਂ ਕਿਸਾਨ ਅੰਦੋਲਨ ਪ੍ਰਤੀ ਵਿਖਾਈ ਜਾ ਰਹੀ ਬੇਰੁਖ਼ੀ ਅਤੇ ਮਸਲੇ ਨੂੰ ਲਟਕਾਈ ਰੱਖਣ ਦੀ ਨੀਤੀ ਨੇ ਹੇਠਲੇ ਪੱਧਰ ਦੇ ਕਿਸਾਨਾਂ ਅੰਦਰ ਰੋਸ ਅਤੇ ਗੱੁਸਾ ਬਹੁਤ ਵਧਾ ਦਿਤਾ ਹੈ ਅਤੇ ਜਿਵੇਂ ਕਿ ਡਰ ਪ੍ਰਗਟ ਕੀਤਾ ਜਾ ਰਿਹਾ ਸੀ, ਲੀਡਰਾਂ ਦੀ ਗ਼ੈਰ ਹਾਜ਼ਰੀ ਵਿਚ ਹਰਿਆਣਵੀ ਕਿਸਾਨਾਂ ਦੇ ਸਬਰ ਦਾ ਪਿਆਲਾ ਅੱਜ ਉਸ ਸਮੇਂ ਛਲਕ ਪਿਆ ਜਦ 100 ਕਰੋੜ ਦੀਆਂ ਰਿਆਇਤਾਂ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਨੇ ਅਪਣੇ ਚੋਣ ਹਲਕੇ ਵਿਚ ਮਹਾਂ-ਪੰਚਾਇਤ ਦਾ ਸਮਾਗਮ ਰੱਖ ਕੇ ਕਿਸਾਨ ਮੰਗਾਂ ਵਿਰੁਧ ਪ੍ਰਚਾਰ ਦਾ ਵੱਡਾ ਉਪਰਾਲਾ ਕਰਨ ਦਾ ਯਤਨ ਕੀਤ | ਇਲਾਕੇ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਅਜਿਹਾ ਕਰ ਕੇ ਕਿਸਾਨਾਂ ਨੂੰ ਨਾ ਭੜਕਾਉਣ ਲਈ ਬੇਨਤੀ ਕੀਤੀ ਪਰ ਉਨ੍ਹਾਂ ਦੀ ਨਾ ਮੰਨੀ ਗਈ ਤੇ ਅੱਜ ਉਹ ਹਿੰਸਕ ਹੋ ਗਏ ਜਦ ਉਨ੍ਹਾਂ ਮੁੱਖ ਮੰਤਰੀ ਦਾ ਸਮਾਗਮ ਨਾ ਹੋਣ ਦਿਤਾ | ਪੰਜਾਬ ਵਿਚ ਪਹਿਲਾਂ ਹੀ, ਪੰਜਾਬ ਦੇ ਕਿਸਾਨ, ਬੀਜੇਪੀ ਲੀਡਰਾਂ ਨੂੰ ਸਮਾਗਮ ਕਰਨ ਤੋਂ ਲਗਾਤਾਰ ਰੋਕ ਰਹੇ ਹਨ |
ਪੀ ਟੀ ਆਈ ਦੀ ਰੀਪੋਰਟ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕੈਮਲਾ ਪਿੰਡ ਵਿਖੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ 'ਕਿਸਾਨ ਮਹਾਂਪੰਚਾਇਤ' ਦੇ ਪ੍ਰੋਗਰਾਮ ਵਾਲੀ ਥਾਂ ਉੱਤੇ ਭੰਨਤੋੜ ਕੀਤੀ, ਜਿਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲੋਕਾਂ ਨੂੰ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ 'ਫਾਇਦੇ' ਦਸਣ ਵਾਲੇ ਸਨ | ਇਸ ਤੋਂ ਪਹਿਲਾਂ ਪੁਲਿਸ ਨੇ ਕੈਮਲਾ ਪਿੰਡ ਵਲ ਕਿਸਾਨਾਂ ਦੇ ਮਾਰਚ ਨੂੰ ਰੋਕਣ ਲਈ ਉਨ੍ਹਾਂ ਉੱਤੇ ਪਾਣੀ ਦੀਆਂ ਵਾਛੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇੇ |
ਇਸੇ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਵੀ ਹੋਈ |
ਹਾਲਾਂਕਿ, ਪ੍ਰਦਰਸ਼ਨਕਾਰੀ ਸਮਾਗਮ ਵਾਲੀ ਥਾਂ ਤਕ ਪਹੁੰਚ ਗਏ ਅਤੇ 'ਕਿਸਾਨ ਮਹਾਂਪੰਚਾਇਤ' ਪ੍ਰੋਗਰਾਮ ਨੂੰ ਰੋਕਿਆ | ਉਨ੍ਹਾਂ ਨੇ ਸਟੇਜ ਨੂੰ ਨੁਕਸਾਨ ਪਹੁੰਚਾਇਆ, ਕੁਰਸੀਆਂ, ਮੇਜ਼ ਅਤੇ ਗਮਲੇ ਤੋੜੇ |
ਕਿਸਾਨਾਂ ਨੇ ਉਸ ਅਸਥਾਈ ਹੈਲੀਪੈਡ ਨੂੰ ਵੀ ਅਪਣੇ ਕੰਟੋਰਲ ਵਿਚ ਲੈ ਲਿਆ, ਜਿਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨਾ ਸੀ | ਭਾਜਪਾ ਨੇਤਾ ਰਮਣ ਮਲਿਕ ਨੇ ਕਿਹਾ ਕਿ ਬੀਕੇਯੂ ਆਗੂ ਗੁਰਨਾਮ ਸਿੰਘ ਚੜੂਨੀ ਦੇ ਕਹਿਣ 'ਤੇ ਕਿਸਾਨਾਂ ਦੇ ਹੁੜਦੰਗੀ ਵਿਵਹਾਰ ਕਾਰਨ ਪ੍ਰੋਗਰਾਮ ਨੂੰ ਰੱਦ ਕਰ ਦਿਤਾ ਹੈ |
ਪੁਲਿਸ ਨੇ ਪਿੰਡ ਵਿਚ ਮੁੱਖ ਮੰਤਰੀ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ | ਇਸ ਪਿੰਡ ਵਿਚ ਖੱਟਰ ਲੋਕਾਂ ਨੂੰ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ''ਲਾਭU ਦਸਣੇ ਸਨ |
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੀ ਅਗਵਾਈ ਹੇਠ ਕਿਸਾਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ 'ਕਿਸਾਨ ਮਹਾਂਪੰਚਾਇਤ' ਦਾ ਵਿਰੋਧ ਕਰਨਗੇ | ਉਹ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ |
ਕਿਸਾਨਾਂ ਨੇ ਕਾਲੇ ਝੰਡੇ ਫੜੇ ਹੋਏ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ ਕੈਮਲਾ ਪਿੰਡ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ | ਪੁਲਿਸ ਨੇ ਪਿੰਡ ਦੇ ਐਾਟਰੀ ਪੁਆਇੰਟਾਂ ਉੱਤੇ ਬੈਰੀਕੇਡ ਲਗਾਏ ਤਾਂ ਜੋ ਉਹ ਪ੍ਰੋਗਰਾਮ ਵਾਲੀ ਥਾਂ ਤਕ ਪਹੁੰਚ ਨਾ ਕਰ ਸਕਣ |
ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਕਿਸਾਨ ਇਸ ਗੱਲ 'ਤੇ ਅੜੇ ਹੋਏ ਸਨ ਕਿ ਉਹ ਮੁੱਖ ਮੰਤਰੀ ਨੂੰ ਪ੍ਰੋਗਰਾਮ ਨਹੀਂ ਕਰਨ ਦੇਣਗੇ |
ਪੁਲਿਸ ਮੁਲਾਜ਼ਮ ਵਿਰੋਧ ਕਰ ਰਹੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿਤੇ, ਪਰ ਉਹ ਸਟੇਜ 'ਤੇ ਕਾਬਜ਼ ਹੋ ਗਏ | ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਪ੍ਰੋਗਰਾਮ ਨਹੀਂ ਕਰਨ ਦੇਵਾਂਗੇ | ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਸਾਨਾਂ ਉੱਤੇ ਪਾਣੀ ਦੀਆਂ ਵਾਛੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਲਈ ਮੁੱਖ ਮੰਤਰੀ ਖੱਟਰ ਦੀ ਆਲੋਚਨਾ ਕੀਤੀ | (ਪੀਟੀਆਈ)