ਮੁਹਾਲੀ ਦੇ ਫੇਜ਼ 7 ਵਿਖੇ ਸੰਯੁਕਤ ਸਮਾਜ ਮੋਰਚਾ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਬਲਬੀਰ ਰਾਜੇਵਾਲ
ਕਿਹਾ- ਮੋਰਚੇ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਲਦ ਕੀਤੀ ਜਾਵੇਗੀ ਜਾਰੀ
ਸਮਰਾਲਾ ਤੋਂ ਖ਼ੁਦ ਸਿਆਸੀ ਪਿੜ 'ਚ ਉਤਰਨਗੇ ਰਾਜੇਵਾਲ
ਮੁਹਾਲੀ : ਸੰਯੁਕਤ ਸਮਾਜ ਮੋਰਚੇ ਵਲੋਂ ਮੋਹਾਲੀ ਦੇ ਫੇਜ਼- 7 ਵਿਚ ਚੋਣ ਦਫ਼ਤਰ ਖੋਲ੍ਹ ਦਿਤਾ ਗਿਆ ਹੈ। ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ ਸਾਰੀਆਂ ਹੀ ਵਿਧਾਨ ਸਭਾ ਸੀਟਾਂ ਯਾਨੀ 117 ਸੀਟਾਂ 'ਤੇ ਚੋਣ ਲੜੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਨਾ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਵੀ ਉਨ੍ਹਾਂ ਦੇ ਪੱਖ ਵਿਚ ਭੁਗਤਣਗੀਆਂ। ਰਾਜੇਵਾਲ ਦਾ ਕਹਿਣਾ ਸੀ ਕਿ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਹੋ ਗਈ ਹੈ ਅਤੇ ਚੋਣ ਨਿਸ਼ਾਨ ਵੀ ਅਲਾਟ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰ ਪੱਖੋਂ ਵਿਕਸਤ ਕਰਨ ਅਤੇ ਭ੍ਰਿਸ਼ਟਾਚਾਰ ਰੋਕਣ ਮੁੱਦੇ 'ਤੇ ਉਹ ਚੋਣਾਂ ਲੜਨਗੇ। ਰਾਜੇਵਾਲ ਨੇ ਕਿਹਾ ਕਿ ਉਮੀਦਵਾਰਾਂ ਲਈ 14 ਤਰੀਕ ਤੱਕ ਨਾਮ ਮੰਗੇ ਹਨ।
ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵਿਚ ਹਰ ਵਰਗ ਦੇ ਲੋਕ ਸ਼ਾਮਲ ਹੋਣਗੇ। ਇਹ ਇੱਕ ਜਨ ਅੰਦੋਲਨ ਹੈ ਜਿਹੜਾ ਪੰਜਾਬ ਦੇ ਭਲੇ ਲਈ ਪੰਜਾਬ ਦੇ ਹੀ ਲੋਕਾਂ ਵਲੋਂ ਚਲਾਇਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਰਾਜੇਵਾਲ ਖ਼ੁਦ ਸਮਰਾਲਾ ਤੋਂ ਚੋਣ ਲੜਨਗੇ। ਰਾਜੇਵਾਲ ਨੇ ਦੱਸਿਆ ਕਿ ਉਮੀਦਵਾਰਾਂ ਵਿਚ ਜ਼ਿਆਦਾਤਰ ਨੌਜਵਾਨ ਹਨ ਅਤੇ ਥੋੜੇ ਦਿਨ ਵਿਚ ਮੈਨੀਫੈਸਟੋ ਜਾਰੀ ਕਰ ਦਿਤਾ ਜਾਵੇਗਾ ਜਿਸ ਵਿਚ ਸਾਰੀਆਂ ਗੱਲਾਂ ਵਿਸਥਾਰ ਨਾਲ ਦੱਸੀਆਂ ਜਾਣਗੀਆਂ।