ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ’ਤੇ ਭਗਵੰਤ ਮਾਨ ਦਾ ਬਿਆਨ, ਪੜ੍ਹੋ ਕੀ ਕਿਹਾ
ਭਗਵੰਤ ਮਾਨ ਨੇ ਕਿਹਾ-ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਸਰਕਾਰ ਵਲੋਂ ਬਿਕਰਮ ਮਜੀਠੀਆ ’ਤੇ ਝੂਠੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਜਾਵੇਗਾ
ਚੰਡੀਗੜ੍ਹ: ਬਹੁ ਕਰੋੜੀ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੂੰ ਇਸ ਡਰਾਮੇ ਬਾਰੇ ਦੱਸ ਦਿੱਤਾ ਸੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਸਰਕਾਰ ਵਲੋਂ ਬਿਕਰਮ ਮਜੀਠੀਆ ’ਤੇ ਝੂਠੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਜਾਵੇਗਾ।
Bikram Singh Majithia
ਕਾਂਗਰਸ ਅਤੇ ਅਕਾਲੀ ਦਲ ਦੀ ਖੇਡ ਸਾਹਮਣੇ ਆ ਗਈ ਹੈ। ਚੰਨੀ ਸਰਕਾਰ ਨੇ ਜਾਣ ਬੁੱਝ ਕੇ ਕਮਜ਼ੋਰ ਕੇਸ ਬਣਾਇਆ ਜਿਸ ਦੇ ਚੱਲਦੇ ਮਜੀਠੀਆ ਨੂੰ ਜ਼ਮਾਨਤ ਮਿਲ ਗਈ। ਜੇਕਰ ਆਮ ਵਿਅਕਤੀ ਕੋਲੋਂ ਕੋਈ ਨਸ਼ੀਲਾ ਪਦਾਰਥ ਜ਼ਬਤ ਹੋ ਜਾਂਦਾ ਹੈ ਤਾਂ ਉਸ ਨੂੰ 10 ਸਾਲ ਦੀ ਕੈਦ ਹੋ ਜਾਂਦੀ ਹੈ ਪਰ ਮਜੀਠੀਆ ਨੂੰ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਵੀ ਜ਼ਮਾਨਤ ਦੇ ਦਿੱਤੀ ਗਈ।
Bhagwant Mann
ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਚੰਨੀ ਨੇ ਬਾਦਲ ਨਾਲ ਮਿਲ ਕੇ ਮਾਮਲਾ ਵਿਗਾੜਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮਜੀਠੀਆ ਮਾਮਲੇ ਵਿਚ ਅਕਾਲੀ ਦਲ ਅਤੇ ਕਾਂਗਰਸ ਨੇ ਸਾਂਝੀ ਖੇਡ ਖੇਡੀ ਹੈ।
CM Channi
ਕਾਂਗਰਸ ਸਰਕਾਰ ’ਤੇ ਤੰਜ਼ ਕੱਸਦਿਆਂ ਮਾਨ ਨੇ ਕਿਹਾ ਕਿ ਚੰਨੀ ਸਰਕਾਰ ਮੁਹੱਲੇ ਦੀ ਉਸ ਕ੍ਰਿਕਟ ਟੀਮ ਵਾਂਗ ਹੈ, ਜਿਸ ਦਾ ਕੋਈ ਕੈਪਟਨ ਨਹੀਂ ਹੁੰਦਾ। ਉਹਨਾਂ ਕਿਹਾ ਕਿ ਕਾਂਗਰਸ ਨੇ 111 ਦਿਨਾਂ ਵਿਚ ਸਰਕਾਰ ਨਹੀਂ ਸਗੋਂ ਸਰਕਸ ਚਲਾਈ ਹੈ। ਕਾਂਗਰਸ ਨੇ 111 ਦਿਨਾਂ ਵਿਚ ਹੀ 4 DGP, ਦੋ ਐਡਵੋਕੇਟ ਜਨਰਲ ਬਦਲ ਦਿੱਤੇ ਅਤੇ ਅਫਸਰਾਂ ਨੂੰ ਬਦਲਣ ਦੀ ਤਾਂ ਸੂਚੀ ਵੀ ਬਹੁਤ ਲੰਬੀ ਹੈ।