ਡੀਡੀਐਮਏ ਦਾ ਦਿੱਲੀ ਵਿਚ ਤਾਲਾਬੰਦੀ ਤੋਂ ਇਨਕਾਰ, ਸਖ਼ਤ ਪਾਬੰਦੀਆਂ ’ਤੇ ਵਿਚਾਰ

ਏਜੰਸੀ

ਖ਼ਬਰਾਂ, ਪੰਜਾਬ

ਡੀਡੀਐਮਏ ਦਾ ਦਿੱਲੀ ਵਿਚ ਤਾਲਾਬੰਦੀ ਤੋਂ ਇਨਕਾਰ, ਸਖ਼ਤ ਪਾਬੰਦੀਆਂ ’ਤੇ ਵਿਚਾਰ

image

ਨਵੀਂ ਦਿੱਲੀ, 10 ਜਨਵਰੀ : ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਸੋਮਵਾਰ ਨੂੰ ਕੋਵਿਡ-19 ਲਾਗ ਦੇ ਪਸਾਰ ਨੂੰ ਰੋਕਣ ਲਈ ਤਾਲਾਬੰਦੀ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਡੀਡੀਐਮਏ ਨੇ ਨਾਲ ਹੀ ਰੈਸਤਰਾਂ ਵਿਚ ਬੈਠ ਕੇ ਭੋਜਨ ਕਰਨ ਦੀ ਸਹੂਲਤ ਬੰਦ ਕਰਨ ਅਤੇ ਮੈਟਰੋ, ਬਸਾਂ ਵਿਚ ਸਵਾਰੀਆਂ ਦੀ ਗਿਣਤੀ ਘੱਟ ਕਰਨ ਵਰਗੀਆਂ ਹੋਰ ਸਖ਼ਤ ਪਾਬੰਦੀਆਂ ਲਗਾਉਣ ’ਤੇ ਵਿਚਾਰ ਕੀਤਾ ਹੈ।  ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਵਿਚ ਡੀਡੀਐਮਏ ਦੀ ਇਕ ਬੈਠਕ ਵਿਚ ਇ ਗੱਲ ’ਤੇ ਚਰਚਾ ਕੀਤੀ ਗਈ ਕਿ ਮੌਜੂਦਾ ਪਾਬੰਦੀਆਂ ਕਿਵੇਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣ, ਤਾਕਿ ਕੋਰੋਨਾ ਅਤੇ ਇਸ ਦੇ ਨਵੇਂ ਰੂਪ ਓਮੀਕਰੋਨ ਦੇ ਪਸਾਰ ਨੂੰ ਰੋਕਿਆ ਜਾ ਸਕੇ। ਇਸ ਬੈਠਕ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ। ਬੈਠਕ ਵਿਚ ਇਸ ਗੱਲ ’ਤੇ ਵਿਚਾਰ ਕੀਤਾ ਗਿਆ ਕਿ ਦਿੱਲੀ ਵਿਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਸਮੁੱਚੀ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿਚ ਵੀ ਲਾਗੂ ਕਰਨਾ ਚਾਹੀਦਾ ਹੈ।
  ਫ਼ਿਲਹਾਲ ਰੈਸਤਰਾਂ ਵਿਚ 50 ਫ਼ੀ ਸਦੀ ਸੀਟਾਂ ਉਪਰ ਬੈਠ ਕੇ ਭੋਜਨ ਕਰਨ ਦੀ ਪ੍ਰਵਾਨਗੀ ਹੈ, ਪਰ ਮੈਟਰੋ-ਬਸਾਂ ਦੀਆਂ ਸਾਰੀਆਂ ਸੀਟਾਂ ’ਤੇ ਸਵਾਰੀਆਂ ਨੂੰ ਬੈਠਣ ਦੀ ਪ੍ਰਵਾਨਗੀ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਐਤਵਾਰ ਨੂੰ ਕੋਰੋਨਾ ਲਾਗ ਦੇ ਤੇਜ਼ ਗਤੀ ਨਾਲ ਫ਼ੈਲਣ ਨੂੰ ਗੰਭੀਰ ਚਿੰਤਾ ਦਸਿਆ ਸੀ। ਹਾਲਾਂਕਿ, ਕੇਜਰੀਵਾਲ ਨੇ ਵੀ ਤਾਲਾਬੰਦੀ ਲਗਾਉਣ ਦੀ ਯੋਜਨਾ ਤੋਂ ਇਨਕਾਰ ਕਰ ਦਿਤਾ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਲੋਕ ਮਾਸਕ ਪਾਉਣਗੇ ਤਾਂ ਤਾਲਾਬੰਦੀ ਨਹੀਂ ਲਗਾਈ ਜਾਵੇਗੀ। (ਪੀਟੀਆਈ)