ਬਿਨਾਂ ਕਸੂਰੋਂ ਪੀੜਤ ਪ੍ਰਵਾਰਾਂ ਵਲੋਂ ਕੜਾਕੇ ਦੀ ਠੰਢ ਵਿਚ ਰਾਤਾਂ ਬਤੀਤ ਕਰਨਾ ਅਫ਼ਸੋਸਨਾਕ : ਬਿੱਟੂ

ਏਜੰਸੀ

ਖ਼ਬਰਾਂ, ਪੰਜਾਬ

ਬਿਨਾਂ ਕਸੂਰੋਂ ਪੀੜਤ ਪ੍ਰਵਾਰਾਂ ਵਲੋਂ ਕੜਾਕੇ ਦੀ ਠੰਢ ਵਿਚ ਰਾਤਾਂ ਬਤੀਤ ਕਰਨਾ ਅਫ਼ਸੋਸਨਾਕ : ਬਿੱਟੂ

image

ਕੋਟਕਪੂਰਾ, 11 ਜਨਵਰੀ (ਗੁਰਿੰਦਰ ਸਿੰਘ) : ਭਾਵੇਂ ਬੇਅਦਬੀ ਮਾਮਲਿਆਂ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਲਗਭਗ ਸਾਰੀਆਂ ਪਾਰਟੀਆਂ ਨੇ ਵਾਅਦੇ ਤੇ ਦਾਅਵੇ ਕੀਤੇ ਪਰ ਪੀੜਤ ਪ੍ਰਵਾਰ ਹੱਡ ਚੀਰਵੀਂ ਸਰਦੀ ਤੇ ਕੜਾਕੇ ਦੀ ਠੰਢ ਵਿਚ ਵੀ ਇਨਸਾਫ਼ ਲੈਣ ਲਈ ਘਰੋਂ ਬਾਹਰ ਖੁਲ੍ਹੇ ਅਸਮਾਨ ਹੇਠ ਰਾਤਾਂ ਬਤੀਤ ਕਰਨ ਲਈ ਮਜਬੂਰ ਹਨ। 
ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ 27ਵੇਂ ਦਿਨ ਵੀ ਪੱਕੇ ਮੋਰਚੇ ਵਿਚ ਡਟੇ ਪੀੜਤ ਪ੍ਰਵਾਰਾਂ ਦੀ ਹਮਾਇਤ ’ਤੇ ਆਏ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਬਿੱਟੂ, ਮੌਜੂਦਾ ਪ੍ਰਧਾਨ ਦਲੇਰ ਸਿੰਘ ਡੋਡ, ਉੱਘੇ ਪ੍ਰਚਾਰਕ ਸਤਨਾਮ ਸਿੰਘ ਚੰਦੜ ਅਤੇ ਹੋਰਨਾਂ ਨੇ ਸ਼ਹੀਦ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪ੍ਰਵਾਰਾਂ ਨੂੰ ਸੰਘਰਸ਼ ਵਿਚ ਸਮਰਥਨ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਬੇਅਦਬੀ ਕਾਂਡ ਦੇ ਮੁੱਦੇ ’ਤੇ ਸੱਤਾ ਦਾ ਆਨੰਦ ਮਾਨਣ ਅਰਥਾਤ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਹੈ। 
ਉਨ੍ਹਾਂ ਆਖਿਆ ਕਿ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਬਠਿੰਡਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਬਿਨਾਂ ਕਸੂਰੋਂ ਕੜਾਕੇ ਦੀ ਠੰਢ ਵਿਚ ਰਾਤਾਂ ਬਤੀਤ ਕਰ ਰਹੇ ਪੀੜਤ ਪ੍ਰਵਾਰਾਂ ਨੂੰ ਦੇਸ਼-ਵਿਦੇਸ਼ ਵਿਚੋਂ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਪੀੜਤ ਪ੍ਰਵਾਰਾਂ ਦਾ ਸਾਥ ਦੇਣ ਦੇ ਨਾਲ-ਨਾਲ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦਾ ਵਿਰੋਧ ਕਰਨ ਦਾ ਵੀ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਉਹ ਮੋਰਚੇ ਵਿਚ ਡਟੇ ਰਹਿਣ ਤੇ ਅੰਤ ਵਿਚ ਸੱਚ ਦੀ ਜਿੱਤ ਲਾਜ਼ਮੀ ਹੋਵੇਗੀ।