‘ਵੀਰ ਬਾਲ ਦਿਵਸ’ ਦਾ ਨਾਮ ਬਦਲਣ ਲਈ ਸਿੱਖ ਲੀਡਰਸ਼ਿਪ ਦੀ ਸਲਾਹ ਲਵੇ ਮੋਦੀ ਸਰਕਾਰ : ਜਥੇਦਾਰ

ਏਜੰਸੀ

ਖ਼ਬਰਾਂ, ਪੰਜਾਬ

‘ਵੀਰ ਬਾਲ ਦਿਵਸ’ ਦਾ ਨਾਮ ਬਦਲਣ ਲਈ ਸਿੱਖ ਲੀਡਰਸ਼ਿਪ ਦੀ ਸਲਾਹ ਲਵੇ ਮੋਦੀ ਸਰਕਾਰ : ਜਥੇਦਾਰ

image

ਅੰਮ੍ਰਿਤਸਰ, 10 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋਦੀ ਸਰਕਾਰ ’ਤੇ ਜ਼ੋਰ ਦਿਤਾ ਹੈ ਕਿ ਉਹ ਵੀਰ ਬਾਲ ਦਿਵਸ ਨਾਮ ਬਦਲਣ, ਜੋ ਸਿੱਖ ਭਾਵਨਾਵਾਂ ਮੁਤਾਬਕ ਖਰਾ ਨਹੀਂ ਉਤਰਦਾ । 
ਉਨ੍ਹਾਂ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਦੇਸ਼ ਭਰ ਵਿਚ ਪੜ੍ਹਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੁੱਚੇ ਵਿਸ਼ਵ ਵਿਚ ਲਾਗੂ ਕੀਤਾ ਜਾ ਸਕਦਾ ਹੈ । ‘ਜਥੇਦਾਰ’ ਨੇ ਦਸਮ ਪਿਤਾ ਵਲੋਂ ਸਰਬੰਸ ਵਾਰਨ ਪ੍ਰਤੀ ਵਿਸਥਾਰ ਨਾਲ ਪਟਨਾ ਸਾਹਿਬ ਵਿਖੇ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਉਸ ਵੇਲੇ ਦੀ ਜ਼ਾਲਮ ਸਰਕਾਰ ਅੱਗੇ ਝੁਕਣ ਦੀ ਥਾਂ ਸਿੱਖ ਧਰਮ ਲਈ ਸ਼ਹੀਦੀਆਂ ਪਾਈਆਂ। ਜ਼ਾਲਮ ਸਰਕਾਰ ਸਾਹਿਬਜ਼ਾਦਿਆਂ ਨੂੰ ਧਰਮ ਪ੍ਰੀਵਰਤਣ ਲਈ ਹਰ ਤਰ੍ਹਾਂ ਦਾ ਜ਼ੁਲਮ ਕੀਤਾ ਪਰ ਉਹ ਅਡੋਲ ਰਹੇ ਭਾਵੇਂ ਉਨ੍ਹਾਂ ਦੀ ਉਮਰ ਛੋਟੀ ਸੀ । ‘ਜਥੇਦਾਰ’ ਨੇ ਭਾਰਤ ਸਰਕਾਰ ਨੂੰ ਜ਼ੋਰ ਦਿਤਾ ਕਿ ਉਹ ਸਿੱਖ ਮਸਲਿਆਂ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ, ਚੀਫ਼ ਖ਼ਾਲਸਾ ਦੀਵਾਨ ਤੋਂ ਸਲਾਹ ਤੇ ਸਹਿਯੋਗ ਲੈ ਸਕਦੇ ਹਨ ।
ਇਸ ਮੌਕੇ ਸਿੱਖ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਸਟੇਟ ਨੂੰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ। ਪ੍ਰਧਾਨ ਮੰਤਰੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਆਪ-ਮੁਹਾਰੇ ਫ਼ੈਸਲਾ ਗ਼ਲਤ ਪਿਰਤ ਨੂੰ ਤੋਰੇਗਾ, ਇਸ ਫ਼ੈਸਲੇ ਨੂੰ ਇਥੇ ਹੀ ਅਪ੍ਰਵਾਨ ਕੀਤਾ ਜਾਵੇਗਾ । ਸਿੱਖ ਚਿੰਤਕ ਭਾਈ ਰਣਜੀਤ ਸਿੰਘ ਨੌਜੁਆਨ ਫ਼ੈਡਰੇਸ਼ਨ ਆਗੂ ਨੇ ਕਿਹਾ ਕਿ ਵੀਰ ਬਾਲ ਦਿਵਸ ਵਜੋਂ ਨਹੀਂ ਬਲਕਿ ਬਾਬਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਯਾਦ ਮਨਾਈ ਜਾਣੀ ਚਾਹੀਦੀ ਹੈ।