'ਪੰਜਾਬ ਵਿਚ ਪਰਚੇ 'ਆਪ' ਨਹੀਂ ਸਗੋਂ ਪੰਜਾਬ ਦੇ ਲੋਕ ਵੰਡ ਰਹੇ ਹਨ, ਇਹ ਲੋਕਾਂ ਦੀ ਆਤਮਾ ਦੀ ਆਵਾਜ਼ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਪਰਚੇ ਤੋਂ ਅਕਾਲੀ ਦਲ ਇੰਨਾ ਪ੍ਰੇਸ਼ਾਨ ਕਿਉਂ?  ਕਿਤੇ ਚੋਣਾਂ 'ਚ ਪੈਸੇ ਵੰਡਣ ਦੀ ਉਨ੍ਹਾਂ ਦੀ ਕੋਈ ਯੋਜਨਾ ਤਾਂ ਨਹੀਂ ਸੀ- ਰਾਘਵ ਚੱਢਾ

'Pamphlets are being distributed in Punjab not by' Aap 'but by the people of Punjab

- ਅਕਾਲੀ ਦਲ ਨੂੰ ਲੱਗ ਰਿਹਾ ਡਰ, ਕਿਤੇ ਲੋਕ ਇਨ੍ਹਾਂ ਤੋਂ ਪੈਸੇ ਲੈ ਕੇ ਵੋਟ ਆਮ ਆਦਮੀ ਪਾਰਟੀ ਨੂੰ ਨਾ ਦੇ ਦੇਣ - ਰਾਘਵ ਚੱਢਾ

- ਅਕਾਲੀ-ਭਾਜਪਾ ਤੇ ਕਾਂਗਰਸੀ ਆਗੂਆਂ ਨੇ ਪੰਜਾਬ ਨੂੰ ਮਿਲ ਕੇ ਲੁੱਟਿਆ, ਇਨ੍ਹਾਂ ਆਗੂਆਂ ਦੇ ਫਾਰਮ ਹਾਊਸ 'ਚ ਲੱਗੀ ਇੱਕ ਇੱਕ ਇੱਟ ਦੇ ਪੈਸੇ ਜਨਤਾ ਦੇ ਹਨ-ਰਾਘਵ ਚੱਢਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਪਿਛਲੇ 50 ਸਾਲਾਂ ਵਿਚ ਪੰਜਾਬ ਨੂੰ ਮਿਲ ਕੇ  ਲੁੱਟਿਆ ਅਤੇ ਆਪਣੇ ਫਾਇਦੇ ਲਈ ਵੇਚ ਦਿਤਾ ਹੈ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਜਨਤਾ ਦੇ ਪੈਸੇ ਨਾਲ ਆਪਣੇ ਖ਼ੁਦ ਦੇ 5-ਸਿਤਾਰਾ-7-ਸਿਤਾਰਾ ਹੋਟਲ ਖੋਲ੍ਹੇ, ਫਾਰਮ ਹਾਊਸ ਅਤੇ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਅਤੇ ਮਹਿੰਗੀਆਂ ਗੱਡੀਆਂ ਖਰੀਦੀਆਂ।  ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਫਾਰਮ ਹਾਊਸਾਂ ਅਤੇ ਕੋਠੀਆਂ ਵਿੱਚ ਲੱਗੀ ਇੱਕ-ਇੱਕ ਇੱਟ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ।

ਪੰਜਾਬ ਵਿੱਚ ਵੰਡੇ ਜਾ ਰਹੇ ਇੱਕ ਪਰਚੇ, ਜਿਸ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ। 'ਆਪ' ਚੋਣਾਂ 'ਚ ਵੋਟਾਂ ਖਰੀਦਣ ਲਈ ਸ਼ਰਾਬ ਅਤੇ ਪੈਸੇ ਨਹੀਂ ਵੰਡਦੀ, ਕੋਈ ਗਿਫ਼ਟ ਅਤੇ ਲਾਲਚ ਨਹੀਂ ਦਿੰਦੀ, ਕਿਉਂਕਿ ਆਮ ਆਦਮੀ ਪਾਰਟੀ ਪੈਸੇ ਦੇ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਨਹੀਂ ਕਰਦੀ। ਪਰਚੇ 'ਚ ਲਿਖਿਆ ਹੋਇਆ ਹੈ ਕਿ ਚੋਣਾਂ 'ਚ ਲੋਕਾਂ ਨੂੰ ਲੁਭਾਉਣ ਲਈ ਦੂਜੀਆਂ ਪਾਰਟੀਆਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੈਸੇ ਅਤੇ ਸ਼ਰਾਬ ਵੰਡਣਗੀਆਂ।

ਉਹ ਪੈਸਾ ਅਤੇ ਸ਼ਰਾਬ ਜਨਤਾ ਦੀ ਲੁੱਟ ਦਾ ਪੈਸਾ ਹੈ, ਇਸ ਲਈ ਉਸ ਤੋਂ ਲੈ ਲੈਣਾ, ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਉਣੀ। ਉਨ੍ਹਾਂ ਇਸ ਪਰਚੇ ਵਿਚ ਆਮ ਆਦਮੀ ਪਾਰਟੀ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਵਿਚ ਸਾਡਾ ਕੋਈ ਹੱਥ ਨਹੀਂ ਹੈ। ਅਸੀਂ ਇਹ ਪਰਚਾ ਨਹੀਂ ਛਪਵਾਇਆ। ਇਹ ਪਰਚਾ ਪੰਜਾਬ ਦੇ ਲੋਕਾਂ ਨੇ ਛਪਵਾਇਆ ਹੈ ਅਤੇ ਪੰਜਾਬ ਦੀ ਬਿਹਤਰੀ ਲਈ ਇਸ ਨੂੰ ਗਲੀ-ਗਲੀ ਵਿਚ ਵੰਡ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਅਕਾਲੀ ਦਲ ਇਸ ਪਰਚੇ ਤੋਂ ਇੰਨਾ ਪ੍ਰੇਸ਼ਾਨ ਕਿਉਂ ਹੈ?

ਉਨ੍ਹਾਂ ਕਿਹਾ ਕਿ ਇਹ ਪਰਚਾ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ। ਪੰਜਾਬ ਦੇ ਲੋਕ ਸਵੈਮਾਣ ਵਾਲੇ ਹੁੰਦੇ ਹਨ। ਉਹ ਵਿਕਣ ਵਾਲੇ ਨਹੀਂ ਹੁੰਦੇ। ਚਾਹੇ ਉਹ ਪੈਸੇ ਕਿਸੇ ਤੋਂ ਵੀ ਲੈ ਲੈਣ, ਪਰ ਆਪਣੇ ਬੱਚਿਆਂ ਲਈ ਚੰਗਾ ਭਵਿੱਖ, ਚੰਗੇ ਹਸਪਤਾਲ ਅਤੇ ਚੰਗੇ ਸਕੂਲ ਬਣਾਉਣ ਵਾਲੀ ਪਾਰਟੀ ਨੂੰ ਹੀ ਆਪਣਾ ਵੋਟ ਦੇਣਗੇ। ਪਰ ਅਕਾਲੀ ਦਲ ਇਸ ਪਰਚੇ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਹੈ। ਇਸ ਪਰਚੇ ਦੇ ਵੰਡਣ ਤੋਂ ਬਾਅਦ ਹੀ ਅਕਾਲੀ ਦਲ  ਬੇਚੈਨੀ ਵਿਚ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਪਰਚੇ 'ਤੇ ਸਭ ਤੋਂ ਵੱਧ ਇਤਰਾਜ਼ ਕਿਉਂ ਹੈ, ਕਿਤੇ ਉਹ ਚੋਣਾਂ 'ਚ ਪੈਸਾ ਅਤੇ ਸ਼ਰਾਬ ਤਾਂ ਵੰਡਣਾ ਨਹੀਂ ਚਾਹੁੰਦੇ। ਅਕਾਲੀ ਦਲ ਨੂੰ ਡਰ ਹੈ ਕਿ ਲੋਕ ਚੋਣਾਂ ਵਿਚ ਉਨ੍ਹਾਂ ਤੋਂ ਪੈਸੇ ਅਤੇ ਸ਼ਰਾਬ ਲੈ ਕੇ ਵੋਟ ਕੀਤੇ ਆਮ ਆਦਮੀ ਪਾਰਟੀ ਨੂੰ ਨਾ ਦੇ ਦੇਣ। ਕਿਉਂਕਿ ਇਸ ਪਰਚੇ ਨਾਲ ਉਨ੍ਹਾਂ ਦੇ ਪੈਸੇ ਅਤੇ ਸ਼ਰਾਬ ਦਾ ਪ੍ਰਭਾਵ ਖ਼ਤਮ ਹੋ ਜਾਵੇਗਾ, ਇਸੇ ਲਈ ਅਕਾਲੀ ਦਲ ਇਸ ਪਰਚੇ ਦਾ ਚੋਣ ਕਮਿਸ਼ਨ ਤੋਂ ਲੈ ਕੇ ਹਰ ਥਾਂ ਵਿਰੋਧ ਕਰ ਰਿਹਾ ਹੈ। ਚੱਢਾ ਨੇ ਸਪੱਸ਼ਟ ਕੀਤਾ ਕਿ ਇਹ ਪਰਚਾ ਨਾ ਤਾਂ ਆਮ ਆਦਮੀ ਪਾਰਟੀ ਨੇ ਛਪਵਾਇਆ ਹੈ ਅਤੇ ਨਾ ਹੀ ਵੰਡਿਆ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪੈਸੇ ਲੈਕੇ ਵੋਟ ਨਾ ਦੇਣਾ ਚੰਗੀ ਗੱਲ ਹੈ। ਇਸ ਨਾਲ ਦੋਹਰਾ ਫਾਇਦਾ ਹੁੰਦਾ ਹੈ।  ਪਹਿਲਾਂ ਜਨਤਾ ਦਾ ਲੁੱਟਿਆ ਪੈਸਾ ਲੋਕਾਂ ਤੱਕ ਪਹੁੰਚਦਾ ਹੈ ਅਤੇ ਫਿਰ ਚੰਗੀ ਅਤੇ ਇਮਾਨਦਾਰ ਸਰਕਾਰ ਬਣਨ ਤੋਂ ਬਾਅਦ ਜਨਤਾ ਨੂੰ ਉਸਦੇ ਚੰਗੇ ਕੰਮਾਂ ਦੇ ਫ਼ਾਇਦੇ ਮਿਲਦੇ ਹਨ।