ਸੰਯੁਕਤ ਸਮਾਜ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਅਨੁਸਾਰ ਮੈਨੀਫ਼ੈਸਟੋ ਜਾਰੀ ਕਰੇ : ਖਾਲੜਾ ਮਿਸ਼
ਸੰਯੁਕਤ ਸਮਾਜ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਅਨੁਸਾਰ ਮੈਨੀਫ਼ੈਸਟੋ ਜਾਰੀ ਕਰੇ : ਖਾਲੜਾ ਮਿਸ਼ਨ
ਅੰਮ੍ਰਿਤਸਰ, 10 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਸੰਯੁਕਤ ਸਮਾਜ ਮੋਰਚੇ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਮੁਤਾਬਕ ਮੈਨੀਫ਼ੈਸਟੋ ਜਾਰੀ ਕਰਨ।
ਜਥੇਬੰਦੀਆਂ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਧਰਮ ਨਿਰਪੱਖਤਾ ਤੇ ਸੈਕੂਲਰਪੁਣੇ ਦੀ ਆੜ ਵਿਚ ਰਾਜਨੀਤਕ ਧਿਰਾਂ ਨੇ ਸਿੱਖੀ ਨੂੰ ਮਨਫ਼ੀ ਕਰਨ ਦਾ ਯਤਨ ਕੀਤਾ ਹੈ ਜਿਸ ਨੂੰ ਗੁਰਾਂ ਦੇ ਨਾਮ ਤੇ ਵਸਦਾ ਪੰਜਾਬ ਬਰਦਾਸ਼ਤ ਨਹੀਂ ਕਰ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹਾ ਗ੍ਰੰਥ ਹੈ ਜਿਸ ਵਿਚ ਸਾਰੇ ਧਰਮਾਂ ਦੇ ਭਗਤਾਂ ਦੀ ਬਾਣੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੀ ਸੇਧ ਸਮੁੱਚੀ ਮਾਨਵਤਾ ਲਈ ਹੈ ਅਤੇ ਗੁਰੂ ਸਾਹਿਬਾਨ ਦੀ ਸੇਧ ਹੀ ਸੱਭ ਤੋਂ ਵੱਡੀ ਧਰਮ ਨਿਰਪੱਖਤਾ ਹੈ। ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਉਪਰ ਢਾਹੇ ਜਾ ਰਹੇ ਧਾਰਮਕ ਜ਼ੁਲਮਾਂ ਵਿਰੁਧ ਅਪਣੀ ਮਹਾਨ ਸ਼ਹਾਦਤ ਦਿਤੀ ਜਿਸ ਦੀ ਦੁਨੀਆਂ ਵਿਚ ਕਿਤੇ ਵੀ ਮਿਸਾਲ ਨਹੀਂ ਮਿਲਦੀ।
ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਗੁਰਜੀਤ ਸਿੰਘ ਅਤੇ ਕਾਬਲ ਸਿੰਘ ਨੇ ਕਿਹਾ ਕਿ ਹੋ ਰਹੀਆਂ ਚੋਣਾਂ ਵਿਚ ਹੇਠ ਲਿਖੇ ਏਜੰਡੇ ਤੇ ਹੋਣੀਆਂ ਚਾਹੀਦੀਆਂ ਹਨ ਅਤੇ ਕਾਰਪੋਰੇਟ ਮਾਡਲ ਰੱਦ ਕਰ ਕੇ ਕਰਤਾਰਪੁਰ ਮਾਡਲ ਅਪਣਾਉਣਾ ਚਾਹੀਦਾ ਹੈ। ਹੇਠ ਲਿਖੇ ਏਜੰਡੇ ਦੀ ਪਹਿਰੇਦਾਰੀ ਹੋਣੀ ਚਾਹੀਦੀ ਹੈ। ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦਾ ਸੱਚ ਸਾਹਮਣੇ ਲਿਆਉਣਾ, ਬੰਦੀ ਸਿੱਖਾਂ ਦੀ ਰਿਹਾਈ, ਝੂਠੇ ਮੁਕਾਬਲਿਆਂ ਦੀ ਪੜਤਾਲ, ਪੰਜਾਬ ਵਿਧਾਨ ਸਭਾ ਵਿਚ ਧਾਰਾ 370 ਲਾਗੂ ਕਰਾਉਣ ਲਈ ਮਤਾ ਪਾਸ ਕਰਨਾ, ਬੇਅਦਬੀਆਂ ਤੇ ਨਸ਼ਿਆਂ ਦੇ ਦੋਸ਼ੀਆਂ ਨੂੰ ਸ਼ਜਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਸਕੂਲਾਂ ਵਿਚ ਪੜ੍ਹਾਉਣੀ ਚਾਹੀਦੀ ਹੈ।