ਮੇਰੀ ਗ੍ਰਿਫ਼ਤਾਰੀ ਕਰਵਾਉਣ ਲਈ ਸਰਕਾਰ ਨੇ ਕਾਨੂੰਨ ਨੂੰ ਛਿੱਕੇ ਟੰਗਿਆ- ਬਿਕਰਮ ਮਜੀਠੀਆ 

ਏਜੰਸੀ

ਖ਼ਬਰਾਂ, ਪੰਜਾਬ

ਇਤਿਹਾਸ ’ਚ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨੇ ਤਿੰਨ ਮਹੀਨਿਆਂ ’ਚ ਚਾਰ ਵਾਰ ਡੀ. ਜੀ. ਪੀ. ਬਦਲ ਦਿੱਤੇ।

Bikram Majithia

 

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲਣ ਮਗਰੋਂ ਅੱਜ ਉਹ ਗੁਰਦੁਆਰਾ ਨਾਡਾ ਸਾਹਿਬ ਨਤਮਸਤਕ ਹੋਏ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਮੇਰੀ ਗ੍ਰਿਫ਼ਤਾਰੀ ਲਈ, ਕਾਨੂੰਨ ਨੂੰ ਛਿੱਕੇ ਟੰਗਿਆ ਪਰ ਜਿੱਤ ਸੱਚਾਈ ਦੀ ਹੀ ਹੋਈ। ਇਹ ਸਿਰਫ਼ ਸਿਆਸਤ ਖੇਡੀ ਜਾ ਰਹੀ ਹੈ। ਕਾਨੂੰਨ ਨੂੰ ਛਿੱਕੇ ਟੰਗ ਕੇ ਅਪਣਾ ਉੱਲੂ ਸਿੱਧਾ ਕਰਨ ਦੀ ਤੇ ਅਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਕਾਂਗਰਸ ਸਰਕਾਰ ਨੇ ਮੇਰੇ ਖਿਲਾਫ਼ ਸਾਜ਼ਿਸ਼ ਰਚਣ ਲਈ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ, ਗ੍ਰਹਿ ਮੰਤਰੀ ਰੰਧਾਵਾ ਤੇ ਨਵਜੋਤ ਸਿੱਧੂ ਨੇ ਹਰ ਮੀਟਿੰਗ ’ਚ ਮੇਰੇ ਖ਼ਿਲਾਫ ਸਾਜ਼ਿਸ਼ ਰਚੀ। ਉਹਨਾਂ ਕਿਹਾ ਕਿ ਇਤਿਹਾਸ ’ਚ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨੇ ਤਿੰਨ ਮਹੀਨਿਆਂ ’ਚ ਚਾਰ ਵਾਰ ਡੀ. ਜੀ. ਪੀ. ਬਦਲ ਦਿੱਤੇ। ਉਨ੍ਹਾਂ ਕਿਹਾ ਕਿ ਇਕ ਡੀ. ਜੀ. ਪੀ. ਨੇ ਮੇਰੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਕਿਉਂਕਿ ਉਹ ਸੱਚ ਨਾਲ ਖੜ੍ਹਨਾ ਚਾਹੁੰਦਾ ਸੀ।  

ਇਸ ਤੋਂ ਬਾਅਦ ਅਫਸਰਾਂ ਨੂੰ ਡਰਾ-ਧਮਕਾ ਕੇ ਮੇਰੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ। ਮਜੀਠੀਆ ਨੇ ਕਿਹਾ ਕਿ ਮੈਂ ਕਾਨੂੰਨ ਦਾ ਸਦਾ ਸਤਿਕਾਰ ਕਰਦਾ ਹਾਂ ਤੇ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਜਿਹਰੇ ਕਹਿੰਦੇ ਸੀ ਮਜੀਠੀਆ ਗ੍ਰਿਫ਼ਤਾਰੀ ਤੋਂ ਡਰਦਾ ਭੱਜ ਗਿਆ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਮੈਂ ਕਿਤੇ ਨਹੀਂ ਗਿਆ ਸੀ, ਇਥੇ ਹੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਲਈ ਦੁਆਵਾਂ ਕਰਨ ਵਾਲੇ ਲੱਖਾਂ ਲੋਕਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।

ਇਸ ਦੌਰਾਨ ਮਜੀਠੀਆ ਨੇ ਸਿੱਧੂ ’ਤੇ ਤੰਜ ਕੱਸਦਿਆਂ ਕਿਹਾ ਕਿ ਠੋਕੋ ਤਾੜੀ ਦੇ ਕੱਲ੍ਹ ਦੇ ਫਿਊਜ਼ ਉੱਡੇ ਪਏ ਨੇ, ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਇਸ ਦੌਰਾਨ ਉਨ੍ਹਾਂ ਸੁਰਜੇਵਾਲਾ ਦੇ ਕਾਂਗਰਸ ਦੇ ਤਿੰਨ ਮੁੱਖ ਮੰਤਰੀ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਰਜੇਵਾਲਾ ਪੰਜਾਬ ਦੇ ਲੋਕਾਂ ਨੂੰ ਟ੍ਰਾਇਲ ਤਾਂ ਦਿਖਾਓ ਕਿ ਇਕ ਕੁਰਸੀ ’ਤੇ ਤਿੰਨ ਮੁੱਖ ਮੰਤਰੀ ਕਿਸ ਤਰ੍ਹਾਂ ਬਿਠਾਉਣੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਟ੍ਰੇਲਰ ਹੈ, ਪੂਰੀ ਫਿਲਮ ਵੀ ਅਸੀਂ ਦਿਖਾਵਾਂਗੇ।ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇਲਜ਼ਾਮ ’ਤੇ ਬੋਲਦਿਆਂ ਕਿਹਾ ਕਿ ਜੇ ਮੈਂ ਕਾਂਗਰਸ ਨਾਲ ਰਲਿਆ ਹੋਇਆ ਹਾਂ ਤਾਂ ਸਭ ਤੋਂ ਵੱਧ ਤਾਂ ਮੈਂ ਕੇਜਰੀਵਾਲ ਨਾਲ ਰਲਿਆ ਹੋਇਆ ਹਾਂ।