ਅਸੀਂ ਚੋਣਾਂ ਨਹੀਂ ਲੜਾਂਗੇ ਪਰ ਕਿਸਾਨਾਂ ਨੂੰ ਅਪਣੀ ਮਰਜ਼ੀ ਮੁਤਾਬਕ ਵੋਟ ਪਾਉਣ ਦੀ ਖੁਲ੍ਹ : ਉਗਰਾਹਾਂ

ਏਜੰਸੀ

ਖ਼ਬਰਾਂ, ਪੰਜਾਬ

ਅਸੀਂ ਚੋਣਾਂ ਨਹੀਂ ਲੜਾਂਗੇ ਪਰ ਕਿਸਾਨਾਂ ਨੂੰ ਅਪਣੀ ਮਰਜ਼ੀ ਮੁਤਾਬਕ ਵੋਟ ਪਾਉਣ ਦੀ ਖੁਲ੍ਹ : ਉਗਰਾਹਾਂ

image


ਚੋਣਾਂ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਬਾਰੇ ਕਿਹਾ, ਕੁੱਝ ਮਹੀਨੇ ਲਈ ਦੌਰੇ 'ਤੇ ਹਨ ਤੇ ਆਖ਼ਰ ਮੁੜ ਕੇ ਸਾਡੇ ਨਾਲ ਹੀ ਆਉਣਗੇ

ਚੰਡੀਗੜ੍ਹ, 10 ਜਨਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਦੀ ਸੱਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਵਿਧਾਨ ਸਭਾ ਚੋਣਾਂ ਬਾਰੇ ਅਪਣੇ ਫ਼ੈਸਲੇ ਨੂੰ  ਸਪੱਸ਼ਟ ਕਰਦਿਆਂ ਵੱਡਾ ਬਿਆਨ ਦਿਤਾ ਹੈ | ਇਸ ਨਾਲ ਸਾਫ਼ ਸੰਕੇਤ ਹੈ ਕਿ ਕਿਸਾਨਾਂ ਦੀਆਂ ਵੋਟਾਂ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿਚ ਭੁਗਤ ਸਕਦੀਆਂ ਹਨ |
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅਪਣੇ ਸਾਥੀ ਹੋਰ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਵਿਚ ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਯੂਨੀਅਨ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ ਅਤੇ ਨਾ ਹੀ ਕਿਸੇ ਵੀ ਹਮਾਇਤ ਕਰੇਗੀ ਪਰ ਵੋਟਾਂ ਦਾ ਬਾਈਕਾਟ ਨਹੀਂ ਬਲਕਿ ਕਿਸਾਨ ਅਪਣੀ ਮਰਜ਼ੀ ਮੁਤਾਬਕ ਅਪਣੀ ਵੋਟ ਪਾ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜੋ ਕੁੱਝ ਕਿਸਾਨ ਜਥੇਬੰਦੀਆਂ ਚੋਣ ਲੜਨ ਜਾ ਰਹੀਆਂ ਹਨ, ਉਹ ਕੁੱਝ ਮਹੀਨਿਆਂ ਲਈ ਦੌਰੇ ਉਪਰ ਗਏ ਹਨ ਅਤੇ ਬਾਅਦ ਵਿਚ ਸਾਡੇ ਨਾਲ ਆ ਜਾਣਗੇ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਦਾ ਘਿਰਾਉ ਤੇ ਵਿਰੋਧ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਲਾਏ ਮੋਰਚੇ ਤਕ ਸੀ ਅਤੇ ਹੁਣ ਸਾਰੀਆਂ ਹੀ ਪਾਰਟੀਆਂ ਤੋਂ ਸਵਾਲ ਪੁਛੇ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਜੋ ਚੋਣਾਂ ਲੜ ਰਹੇ ਹਨ ਉਨ੍ਹਾਂ ਦਾ ਅਪਣਾ ਵਿਚਾਰ ਹੈ ਅਤੇ ਸਾਡਾ ਰਾਹ ਸੰਘਰਸ਼ ਦਾ ਹੈ | ਚੋਣਾਂ ਲੜਨ ਤੋਂ ਅਸੀ ਕਿਸੇ ਨੂੰ  ਰੋਕ ਨਹੀਂ ਸਕਦੇ | 15 ਜਨਵਰੀ ਨੂੰ  ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਮੀਟਿੰਗ ਵਿਚ ਚੋਣਾਂ ਲੜਨ ਵਾਲੀਆਂ ਜਥੇਬੰਦੀਆਂ ਬਾਰੇ ਹੋਣ ਵਾਲੀ ਚਰਚਾ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚਾਰ ਹੋਵੇਗੀ |

ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਜੇ ਚੋਣ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਅਪਣੀਆਂ ਜਥੇਬੰਦੀਆਂ ਨੂੰ  ਸਿਆਸੀ ਮੋਰਚੇ ਵਿਚ ਮਿਲਾਉਂਦੀਆ ਹਨ ਤਾਂ ਦੇਖਿਆ ਜਾਵੇਗਾ ਕਿ ਭਵਿੱਖ ਵਿਚ ਇਨ੍ਹਾਂ ਨਾਲ ਕਿਸ ਤਰ੍ਹਾਂ ਦਾ ਸਬੰਧ ਰਖਿਆ ਜਾਵੇ ਪਰ ਜੇ ਇਹ ਜਥੇਬੰਦੀਆਂ ਅਪਣੀਆਂ ਜਥੇਬੰਦੀਆਂ ਨੂੰ  ਸੰਯੁਕਤ ਸਮਾਜ ਮੋਰਚੇ ਤੋਂ ਵੱਖ ਰਖਦੀਆਂਹਨ ਤਾਂ ਉਸ ਹਿਸਾਬ ਨਾਲ ਫ਼ੈਸਲਾ ਲਿਆ ਜਾਵੇਗਾ | ਉਨ੍ਹਾਂ ਦਸਿਆ ਕਿ ਹਾਲੇ ਕਿਸਾਨ ਸੰਘਰਸ਼ ਖ਼ਤਮ ਨਹੀਂ ਹੋਇਆ ਅਤੇ ਬੁਨਿਆਦੀ ਮਸਲੇ ਬਰਕਰਾਰ ਹਨ | ਐਮ.ਐਸ.ਪੀ. ਤੇ ਹੋਰ ਬਾਕੀ ਰਹਿੰਦੀਆਂ ਮੰਗਾਂ ਵੀ ਪ੍ਰਵਾਨ ਕਰਵਾਉਣੀਆਂ ਹਨ | ਇਸ ਬਾਰੇ ਮੋਰਚੇ ਦੀ ਮੀਟਿੰਗ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ | ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਸਾਡੀ ਪੱਕੀ ਸਮਝ ਹੈ ਕਿ ਇਤਿਹਾਸ ਗਵਾਹ ਹੈ ਕਿ ਵੋਟਾਂ ਨਾਲ ਸਾਡੇ ਮਸਲੇ ਹੱਲ ਨਹੀਂ ਹੋਣੇ ਅਤੇ ਅਸੀ ਸੰਘਰਸ਼ਾਂ ਰਾਹੀਂ ਹੀ ਮਸਲੇ ਹੱਲ ਕਰਵਾਏ ਹਨ | ਯੂਨੀਅਨ ਦੇ ਉਪ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵੀ ਕਿਸਾਨੀ ਮਸਲਿਆਂ ਬਾਰੇ ਯੂਨੀਅਨ ਦੇ ਪ੍ਰੋਗਰਾਮਾਂ ਤੇ ਸੰਘਰਸ਼ਾਂ ਬਾਰੇ ਅਪਣੇ ਵਿਚਾਰ ਰੱਖੇ |
ਫ਼ੋਟੋ ਸੰਤੋਖ ਸਿੰਘ ਵਲੋਂ