ਧੀਆਂ ਦੀ ਲੋਹੜੀ: ਪੰਜਾਬ ਸਰਕਾਰ ਵੱਲੋਂ 13 ਨੂੰ ਬਠਿੰਡਾ 'ਚ ਕਰਵਾਇਆ ਜਾਵੇਗਾ ਰਾਜ ਪੱਧਰੀ ਸਮਾਗਮ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਭਰ ਵਿੱਚ 13 ਤੋਂ 20 ਜਨਵਰੀ ਤੱਕ ਮਨਾਇਆ ਜਾਵੇਗਾ "ਧੀਆਂ ਦੀ ਲੋਹੜੀ ਹਫ਼ਤਾ"

Dhiyan Di Lohri: Punjab government hold state level function in Bathinda on 13TH


 

ਚੰਡੀਗੜ੍ਹ -  ਪੰਜਾਬ ਸਰਕਾਰ ਵੱਲੋਂ "ਧੀਆਂ ਦੀ ਲੋਹੜੀ" ਮਨਾਉਣ ਸਬੰਧੀ 13 ਜਨਵਰੀ ਨੂੰ ਬਠਿੰਡਾ ਵਿਖੇ ਰਾਜ ਪੱਧਰੀ ਸਮਾਗਮ ਕਰਾਇਆ ਜਾਵੇਗਾ। ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 13 ਜਨਵਰੀ ਤੋਂ 20 ਜਨਵਰੀ ਤੱਕ "ਧੀਆਂ ਦੀ ਲੋਹੜੀ ਹਫ਼ਤਾ" ਮਨਾਇਆ ਜਾ ਰਿਹਾ ਹੈ ਤੇ ਰਾਜ ਪੱਧਰੀ ਸਮਾਗਮ ਬਠਿੰਡਾ ਵਿਖੇ ਕਰਾਇਆ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ (ਬੀਬੀਬੀਪੀ) ਸਕੀਮ ਤਹਿਤ ਧੀਆਂ ਦੀ ਲੋਹੜੀ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਮਨਾਈ ਜਾਂਦੀ ਹੈ ਤਾਂ ਜੋ ਰਾਜ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ 13 ਜਨਵਰੀ ਤੋਂ 20 ਜਨਵਰੀ ਤੱਕ "ਧੀਆਂ ਦੀ ਲੋਹੜੀ ਹਫ਼ਤਾ" ਜ਼ਿਲ੍ਹੇ ਅਤੇ ਬਲਾਕਾਂ ਵਿੱਚ ਮਨਾਇਆ ਜਾਵੇਗਾ ਜਿੱਥੇ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ, ਡਿਪਟੀ ਕਮਿਸ਼ਨਰ, ਐਸ.ਡੀ.ਐਮਜ਼, ਹੋਰ ਵਿਭਾਗਾਂ ਦੇ ਅਧਿਕਾਰੀ, ਪੰਚਾਇਤਾਂ, ਸਕੂਲੀ ਬੱਚੇ ਆਦਿ ਸ਼ਾਮਲ ਹੋਣਗੇ।

ਇਸ ਮੌਕੇ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਦੌਰਾਨ ਬਾਲੜੀਆਂ ਦੇ ਲਿੰਗ ਅਨੁਪਾਤ 'ਚ ਸੁਧਾਰ 'ਤੇ ਜ਼ੋਰ ਦਿੱਤਾ ਜਾਵੇਗਾ ਅਤੇ ਨੁੱਕੜ ਨਾਟਕ ਕਰਵਾਏ ਜਾਣਗੇ। ਇਸ ਮੌਕੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਮਾਰਕਫੈੱਡ ਦੇ ਉਤਪਾਦਾਂ ਦੇ ਤੋਹਫ਼ੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ, ਲੇਖ, ਸਲੋਗਨ ਲਿਖਣ ਦੇ ਮੁਕਾਬਲਿਆਂ ਤੇ ਭਾਸ਼ਣਾਂ ਰਾਹੀਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ।