ਪੰਜਾਬ 'ਚ 13 ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨਕਾਰੀਆਂ ਨੇ ਲਗਾਏ ਡੇਰੇ, NHAI ਪਹੁੰਚੀ ਹਾਈਕੋਰਟ

ਏਜੰਸੀ

ਖ਼ਬਰਾਂ, ਪੰਜਾਬ

17 ਦਸੰਬਰ ਤੋਂ 4 ਜਨਵਰੀ ਤੱਕ ਹੋਇਆ 26 ਕਰੋੜ 60 ਲੱਖ ਦਾ ਨੁਕਸਾਨ 

Toll Plaza Punjab (Representational Image)

ਹਾਈਕੋਰਟ ਨੇ ਕਿਹਾ- ਮੰਗਾਂ ਮਨਵਾਉਣ ਲਈ ਸੜਕਾਂ, ਰੇਲਾਂ ਅਤੇ ਟੋਲ ਰੋਕਣ ਦਾ ਰੁਝਾਨ ਵੱਧ ਗਿਆ ਹੈ 

ਚੰਡੀਗੜ੍ਹ : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਪੰਜਾਬ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ 13 ਟੋਲ ਪਲਾਜ਼ਿਆਂ ਦੀ ਨਾਕੇਬੰਦੀ ਵਿਰੁੱਧ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ। ਪਟੀਸ਼ਨ ਵਿੱਚ ਟੋਲ ਸ਼ੁਰੂ ਕਰਨ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਢੁਕਵੇਂ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਜਸਟਿਸ ਵਿਨੋਦ ਭਾਰਦਵਾਜ ਨੇ ਕਿਹਾ ਕਿ ਹੁਣ ਮੰਗਾਂ ਦੀ ਪੂਰਤੀ ਲਈ ਸੜਕ, ਰੇਲ ਅਤੇ ਟੋਲ ਮਾਰਗਾਂ ਨੂੰ ਜਾਮ ਕਰਨ ਦਾ ਰੁਝਾਨ ਬਣ ਗਿਆ ਹੈ। ਪਟੀਸ਼ਨ ਨੂੰ ਵਿਆਪਕ ਲੋਕ ਹਿੱਤਾਂ ਨਾਲ ਸਬੰਧਤ ਦੱਸਦਿਆਂ ਉਨ੍ਹਾਂ ਇਸ ਨੂੰ ਚੀਫ਼ ਜਸਟਿਸ ਕੋਲ ਭੇਜ ਦਿੱਤਾ ਹੈ।

NHAI ਨੇ ਸੀਨੀਅਰ ਐਡਵੋਕੇਟ ਚੇਤਨ ਮਿੱਤਲ ਰਾਹੀਂ ਪਟੀਸ਼ਨ ਦਾਇਰ ਕੀਤੀ ਅਤੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ 13 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਪਟੀਸ਼ਨਰ ਧਿਰ ਦਾ ਕਹਿਣਾ ਹੈ ਕਿ ਟੋਲ ਬੰਦ ਹੋਣ ਕਾਰਨ ਇੱਥੋਂ ਟੋਲ ਦੀ ਰਕਮ ਵਸੂਲੀ ਨਹੀਂ ਹੋ ਰਹੀ ਅਤੇ 17 ਦਸੰਬਰ ਤੋਂ 4 ਜਨਵਰੀ ਤੱਕ ਕਰੀਬ 26 ਕਰੋੜ 60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। 

ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ, ਤਰਨਤਾਰਨ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ ਅਤੇ ਬਰਨਾਲਾ ਦੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਧਰਨਾਕਾਰੀਆਂ ਨੇ ਬੰਦ ਕਰ ਦਿੱਤਾ ਹੈ। ਇਨ੍ਹਾਂ ਟੋਲ ਪਲਾਜ਼ਿਆਂ ਨੂੰ ਖੋਲ੍ਹਣ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਐਨਐਚਏਆਈ ਨੇ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਪਰ ਕੋਈ ਫਾਇਦਾ ਨਹੀਂ ਹੋਇਆ। 

NHAI ਨੇ ਕਿਹਾ ਕਿ ਕਈ ਟੋਲ 'ਤੇ ਹੁਣ ਪ੍ਰਦਰਸ਼ਨਕਾਰੀਆਂ ਨੇ ਟੋਲ ਦੀ ਨਾਜਾਇਜ਼ ਵਸੂਲੀ ਸ਼ੁਰੂ ਕਰ ਦਿੱਤੀ ਹੈ। NHAI ਨੇ ਹਾਈ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਹੈ। ਪਟੀਸ਼ਨ ਵਿੱਚ ਪੰਜਾਬ ਸਰਕਾਰ ਸਮੇਤ ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਡੀਸੀ ਨੂੰ ਜਵਾਬਦੇਹ ਬਣਾਇਆ ਗਿਆ ਹੈ। ਪਟੀਸ਼ਨ 'ਚ NHAI ਨੇ ਕਿਹਾ ਕਿ ਇਸ ਪ੍ਰਦਰਸ਼ਨ ਕਾਰਨ ਕਰਮਚਾਰੀਆਂ ਦੀ ਸੁਰੱਖਿਆ ਖਤਰੇ 'ਚ ਹੈ ਅਤੇ NHAI ਨੂੰ ਵਿੱਤੀ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। 

ਜਸਟਿਸ ਵਿਨੋਦ ਭਾਰਦਵਾਜ ਦੀ ਸਿੰਗਲ ਬੈਂਚ ਨੇ ਮਾਮਲੇ ਨੂੰ ਗੰਭੀਰ ਅਤੇ ਵਿਆਪਕ ਲੋਕ ਹਿੱਤ ਦਾ ਮੰਨਦਿਆਂ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਬੈਂਚ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ। ਅਜਿਹੇ 'ਚ ਉਨ੍ਹਾਂ ਨੇ ਇਸ ਲਈ ਬੈਂਚ ਤੈਅ ਕਰਨ ਲਈ ਪਟੀਸ਼ਨ ਨੂੰ ਚੀਫ ਜਸਟਿਸ ਕੋਲ ਭੇਜ ਦਿੱਤਾ। ਹਾਈ ਕੋਰਟ ਦੀ ਡਿਵੀਜ਼ਨ ਬੈਂਚ ਜਲਦੀ ਹੀ ਇਸ 'ਤੇ ਜਨਹਿਤ ਪਟੀਸ਼ਨ ਵਜੋਂ ਸੁਣਵਾਈ ਕਰੇਗੀ।