ਹੜਤਾਲ 'ਤੇ ਗਏ PCS ਅਫ਼ਸਰਾਂ ਨੂੰ CM ਭਗਵੰਤ ਮਾਨ ਵਲੋਂ ਸਖ਼ਤ ਨਿਰਦੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਅੱਜ 2 ਵਜੇ ਤੱਕ ਡਿਊਟੀ ਜੁਆਇਨ ਨਾ ਕਰਨ ਵਾਲੇ ਅਧਿਕਾਰੀ ਹੋਣਗੇ ਸਸਪੈਂਡ 

Punjab News

ਚੰਡੀਗੜ੍ਹ: ਲੁਧਿਆਣਾ ਦੀ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੀ ਵਿਜੀਲੈਂਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਪੀਸੀਐਸ ਅਧਿਕਾਰੀ ਹੜਤਾਲ 'ਤੇ ਹਨ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਦੁਪਹਿਰ 2 ਵਜੇ ਤੱਕ ਡਿਊਟੀ ਜੁਆਇਨ ਕਰਨ ਦਾ ਅਲਟੀਮੇਟਮ ਦਿੱਤਾ ਹੈ।

ਸੀਐਮ ਭਗਵੰਤ ਮਾਨ ਨੇ ਅੱਜ ਸਵੇਰੇ ਹੀ ਇੱਕ ਹੁਕਮ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਅਧਿਕਾਰੀ ਡਿਊਟੀ ਜੁਆਇਨ ਨਹੀਂ ਕਰ ਰਹੇ ਹਨ ਅਤੇ ਹੜਤਾਲ 'ਤੇ ਹਨ। ਉਹ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਰਕਾਰੀ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਤੋਂ ਨਾਰਾਜ਼ ਹਨ। ਮੁੱਖ ਮੰਤਰੀ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੁਕਮਾਂ ਵਿੱਚ ਇਸ ਹੜਤਾਲ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਉਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਲਿਖਿਆ ਹੈ ਕਿ ਜੋ ਵੀ ਅਧਿਕਾਰੀ ਅੱਜ 11 ਜਨਵਰੀ 2023 ਨੂੰ ਦੁਪਹਿਰ 2 ਵਜੇ ਤੱਕ ਆਪਣੀ ਡਿਊਟੀ ਜੁਆਇਨ ਨਹੀਂ ਕਰੇਗਾ, ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇ। ਜੋ ਦੁਪਹਿਰ 2 ਵਜੇ ਤੱਕ ਡਿਊਟੀ ਜੁਆਇਨ ਨਹੀਂ ਕਰੇਗਾ, ਉਸ ਦੀ ਗੈਰ-ਹਾਜ਼ਰੀ ਨੂੰ ਗੈਰ-ਜ਼ਿੰਮੇਵਾਰ ਮੰਨਿਆ ਜਾਵੇਗਾ।

ਕੀ ਹੈ ਮਾਮਲਾ
ਵਿਜੀਲੈਂਸ ਨੇ ਪੰਜਾਬ ਦੇ ਲੁਧਿਆਣਾ 'ਚ ਆਰਟੀਏ ਦੇ ਅਹੁਦੇ 'ਤੇ ਤਾਇਨਾਤ ਨਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਆਰਟੀਏ ਪ੍ਰਾਈਵੇਟ ਲੋਕਾਂ ਰਾਹੀਂ ਚਲਾਨ ਨਾ ਕੱਟਣ ਲਈ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਵਸੂਲੀ ਕਰਦਾ ਸੀ। ਵਿਜੀਲੈਂਸ ਨੇ ਦਸੰਬਰ ਮਹੀਨੇ ਲਈ ਵਸੂਲੀ ਗਈ ਰਾਸ਼ੀ ਨਾਲ ਆਰ.ਟੀ.ਏ. ਨੂੰ ਕਾਬੂ ਕੀਤਾ ਸੀ।

ਇਸ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦਾ ਪੀਸੀਐਸ ਕਾਡਰ ਨਾਰਾਜ਼ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਜਿਹੀ ਕਿਸੇ ਸ਼ਿਕਾਇਤ ਦੇ ਆਧਾਰ ’ਤੇ ਕਿਸੇ ਅਧਿਕਾਰੀ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੀ। ਜਿਸ ਤੋਂ ਬਾਅਦ ਸਾਰੇ ਪੀਸੀਐਸ ਅਧਿਕਾਰੀਆਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਸੀ।