MLA Gurpreet Singh Gogi: AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਸਿਰ 'ਚ ਗੋਲੀ ਲੱਗਣ ਕਾਰਨ ਹੋਈ ਮੌਤ
ਗੋਲੀ ਲੱਗਣ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
MLA Gurpreet Singh Gogi: ਜ਼ਿਲ੍ਹਾ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿੱਚ ਹੀ ਗੋਲੀ ਲੱਗਣ ਕਰਕੇ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਗੋਗੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਗੋਲੀ ਲੱਗਣ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ। ਅਮਨ ਅਰੋੜਾ ਨੇ ਅੱਗੇ ਕਿਹਾ ਕਿਹਾ ਕਿ ਫਿਲਹਾਲ ਅਸੀਂ ਪਰਿਵਾਰ ਨੂੰ ਸਹਾਰਾ ਦੇਣ ਲਈ ਆਏ ਹਾਂ। ਉਹਨਾਂ ਕਿਹਾ ਕਿ ਮੌਤ ਦੇ ਕੀ ਕਾਰਣ ਨੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜੁਆਇੰਟ ਕਮਿਸ਼ਨਰ ਜਸਕਿਰਨ ਸਿੰਘ ਤੇਜਾ ਨੇ ਅੱਗੇ ਦੱਸਿਆ ਕਿ ਮ੍ਰਿਤਕ ਗੋਗੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਲਤੀ ਨਾਲ ਅਚਾਨਕ ਚੱਲੀ ਗੋਲੀ ਕਾਰਣ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਰਾਤ ਸਾਢੇ 11 ਵਜੇ ਦੇ ਕਰੀਬ ਗੋਗੀ ਆਪਣੇ ਲਾਈਸੈਂਸੀ 25 ਬੋਰ ਪਿਸਤੌਲ ਨੂੰ ਸਾਫ ਕਰ ਰਹੇ ਸਨ ਅਤੇ ਇਸ ਦੌਰਾਨ ਅਚਾਨਕ ਚੱਲੀ ਗੋਲੀ ਉਨ੍ਹਾਂ ਦੇ ਸਿਰ ਵਿੱਚ ਵੱਜੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜੁਆਇੰਟ ਕਮਿਸ਼ਨਰ ਮੁਤਾਬਿਕ ਪਿਸਤੌਲ ਵਿੱਚੋਂ ਸਿਰਫ ਇੱਕ ਹੀ ਫਾਇਰ ਹੋਇਆ ਹੈ। ਉਨ੍ਹਾਂ ਆਖਿਆ ਕਿ ਮੌਤ ਦਾ ਅਸਲ ਕਾਰਣ ਪੋਸਟਮਾਰਟਮ ਰਾਹੀਂ ਹੀ ਸਾਫ ਹੋਵੇਗਾ।