TarnTaran News: ਠੰਢ ਤੋਂ ਬਚਣ ਲਈ ਬਾਲ਼ੀ ਅੰਗੀਠੀ ਬਣੀ ਕਾਲ, ਦਮ ਘੁਟਣ ਕਾਰਨ ਇਕੋ ਪ੍ਰਵਾਰ ਦੇ 3 ਜੀਆਂ ਦੀ ਮੌਤ
TarnTaran News: 1 ਦੀ ਹਾਲਤ ਨਾਜ਼ੁਕ
Harike Pattan TarnTaran News
ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਅਲੀਪੁਰ ਵਿਖੇ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਅਲੀਪੁਰ ਵਿਖੇ ਇਕ ਪਰਿਵਾਰ ਕੜਾਕੇ ਦੀ ਠੰਢ ਤੋਂ ਬਚਣ ਲਈ ਰਾਤ ਵੇਲੇ ਕੋਲਿਆਂ ਦੀ ਅੰਗੀਠੀ ਬਾਲ ਕੇ ਸੌਂ ਗਿਆ ਤੇ ਰਾਤ ਸਮੇਂ ਕੋਲਿਆਂ ਤੋਂ ਬਣੀ ਗੈਸ ਚੜ੍ਹਨ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ।
ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ (19 ਸਾਲ ), ਉਸ ਦੀ ਪਤਨੀ ਜਸ਼ਨਦੀਪ ਕੌਰ (18) ਅਤੇ ਦੋ ਮਹੀਨੇ ਦੇ ਬੱਚੇ ਗੁਰਬਾਜ਼ ਸਿੰਘ ਵਜੋਂ ਹੋਈ। ਜਦਕਿ ਅਰਸ਼ਦੀਪ ਸਿੰਘ ਦੇ ਸਾਲੇ ਕ੍ਰਿਸ਼ਨਦੀਪ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।