ਬਿਜਲੀ ਲਾਈਨ 'ਤੇ ਕੰਮ ਕਰਦਾ ਮੁਲਾਜ਼ਮ ਕਰੰਟ ਦੀ ਲਪੇਟ 'ਚ ਆਇਆ, ਮੌਤ
ਸ਼ਟਡਾਊਨ ਦੇ ਬਾਵਜੂਦ ਰਿਵਰਸ ਕਰੰਟ ਬਣਿਆ ਕਾਲ
ਡੇਰਾਬੱਸੀ (ਸੁਖਵਿੰਦਰ ਸੁੱਖੀ): ਬੀਤੇ ਦਿਨੀਂ ਖੇੜੀ ਗੁੱਜਰਾਂ ਨੇੜੇ 11 ਕੇਵੀ ਲਾਈਨ ਦੀ ਮੁਰੰਮਤ ਦੌਰਾਨ ਇਕ ਬਿਜਲੀ ਮੁਲਾਜ਼ਮ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਤਾਰਾਂ ’ਤੇ ਹੀ ਲਟਕੀ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਲਾਈਨ ਦੀ ਮੁਰੰਮਤ ਲਈ ਬਕਾਇਦਾ 5 ਘੰਟਿਆਂ ਦਾ ਸ਼ਟਡਾਊਨ ਲਿਆ ਗਿਆ ਸੀ ਪਰ ਫਿਰ ਵੀ ਰਿਵਰਸ ਕਰੰਟ ਕਿਥੋਂ ਆਇਆ, ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।
ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਕਰੀਬ 3:15 ਵਜੇ ਖੇੜੀ ਗੁੱਜਰਾਂ ਨੇੜੇ 11 ਕੇਵੀ ਲਾਈਨ ’ਤੇ ਵਾਪਰਿਆ।
ਮਿ੍ਰਤਕ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਕਰਣ ਸਿੰਘ, ਨਿਵਾਸੀ ਪਿੰਡ ਘਨੌਲੀ, ਜ਼ਿਲ੍ਹਾ ਅੰਬਾਲਾ ਵਜੋਂ ਹੋਈ ਹੈ। ਜੇਈ ਗਗਨਦੀਪ ਸਿੰਘ ਨੇ ਦਸਿਆ ਕਿ ਲਾਈਨ ਦੀ ਮੁਰੰਮਤ ਲਈ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤਕ ਦਾ ਸ਼ਟਡਾਊਨ ਘੋਸ਼ਿਤ ਕੀਤਾ ਗਿਆ ਸੀ। ਮੌਕੇ ’ਤੇ ਮੌਜੂਦ ਵਿਕਾਸ ਨੇ ਦੱਸਿਆ ਕਿ ਠੇਕੇਦਾਰੀ ਪ੍ਰਣਾਲੀ ਤਹਿਤ ਤਿੰਨ ਕੰਪਲੇਂਟ ਹੈਂਡਲਿੰਗ ਬਾਈਕਰ (ਸੀਐਚਬੀ) ਮੁਰੰਮਤ ਦਾ ਕੰਮ ਕਰ ਰਹੇ ਸਨ।
ਸੁਨੀਲ ਪਉੜੀ ਲਗਾ ਕੇ ਤਾਰਾਂ ਦੀ ਮੁਰੰਮਤ ਕਰ ਰਿਹਾ ਸੀ ਜਦਕਿ ਵਿਕਾਸ ਸਮੇਤ ਦੋ ਹੋਰ ਮੁਲਾਜ਼ਮ ਹੇਠਾਂ ਖੜੇ ਸਨ। ਅਚਾਨਕ ਸੁਨੀਲ ਦੀ ਦਰਦ ਭਰੀ ਚੀਖ ਸੁਣਾਈ ਦਿਤੀ ਅਤੇ ਉਹ ਤਾਰਾਂ ’ਤੇ ਹੀ ਡਿੱਗ ਪਿਆ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੱਸੀ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰ ਕੇ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।
ਜੇਈ ਗਗਨਪ੍ਰੀਤ ਨੇ ਦੱਸਿਆ ਕਿ ਲਾਈਨ ਵਿਚ ਰਿਵਰਸ ਕਰੰਟ ਆ ਜਾਣ ਦਾ ਖ਼ਦਸਾ ਹੈ ਪਰ ਪੂਰਾ ਮਾਮਲਾ ਹਾਲੇ ਜਾਂਚ ਅਧੀਨ ਹੈ। ਫਿਲਹਾਲ ਮਿ੍ਰਤਕ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੁਲਿਸ ਕਾਰਵਾਈ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮਿ੍ਰਤਕ ਸੁਨੀਲ ਕੁਮਾਰ ਅਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।