ਡੇਰਾਬੱਸੀ (ਸੁਖਵਿੰਦਰ ਸੁੱਖੀ) : ਡੇਰਾਬੱਸੀ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਜਾਰੀ ਹੈ। ਇੱਕ ਬੇਹੱਦ ਦੁਖਦਾਈ ਘਟਨਾ 'ਚ ਸਾਈਕਲ ਸਵਾਰ ਇੱਕ ਪਲੰਬਰ ਦੀ ਅਵਾਰਾ ਸਾਂਢਾਂ ਦੀ ਲੜਾਈ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਨਗਰ ਕੌਂਸਲ ਅਤੇ ਸਰਕਾਰ ਦੇ ’ਗਊ ਸੈੱਸ’ ਟੈਕਸ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਦੀ ਪਛਾਣ ਸੁਰਿੰਦਰ ਪਾਲ ਸਿੰਘ (55) ਵਾਸੀ ਬਾਲਾ ਜੀ ਨਗਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 22 ਦਸੰਬਰ 2025 ਦੀ ਸ਼ਾਮ ਨੂੰ ਉਸਦੇ ਪਿਤਾ ਆਪਣੇ ਕੰਮ ਤੋਂ ਸਾਈਕਲ ’ਤੇ ਘਰ ਪਰਤ ਰਹੇ ਸਨ। ਜਦੋਂ ਉਹ ਆਪਣੀ ਗਲੀ ਦੇ ਮੋੜ ’ਤੇ ਪਹੁੰਚੇ ਤਾਂ ਲੜ ਰਹੇ ਅਵਾਰਾ ਸਾਂਢਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਬਿਜਲੀ ਦੇ ਖੰਭੇ ਨਾਲ ਜਾ ਟਕਰਾਏ। ਸਰੀਰ ਵਿੱਚ ਲੱਗੀਆਂ ਗੰਭੀਰ ਸੱਟਾਂ ਅਤੇ ਲੱਤ ਟੁੱਟਣ ਕਾਰਨ ਉਨ੍ਹਾਂ ਦਾ ਇਲਾਜ ਚੱਲਿਆ, ਪਰ ਸ਼ੁਕਰਵਾਰ ਨੂੰ ਉਨ੍ਹਾਂ ਨੇ ਦਮ ਤੋੜ ਦਿਤਾ।
ਮੁਆਵਜ਼ੇ ਦੀ ਮੰਗ, 5 ਲੱਖ ਰੁਪਏ ਦੀ ਨੀਤੀ ਦਾ ਦਿਤਾ ਹਵਾਲਾ : ਪੀੜਤ ਪਰਿਵਾਰ , ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸੈਣੀ ਅਤੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਦੀ ’ਐਨੀਮਲ ਅਟੈਕ ਕੰਪਨਸੇਸ਼ਨ ਪਾਲਿਸੀ’ ਤਹਿਤ ਤੁਰੰਤ 5 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੁਰਿੰਦਰ ਪਾਲ ਘਰ ਦਾ ਇਕਲੌਤਾ ਕਮਾਊ ਜੀਅ ਸੀ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਕੇਸ ਨੂੰ ’ਕੁਦਰਤੀ ਮੌਤ’ ਦੀ ਬਜਾਏ ’ਅਵਾਰਾ ਪਸ਼ੂ ਹਾਦਸਾ’ ਮੰਨ ਕੇ ਤੁਰੰਤ ਬਣਦੀ ਆਰਥਿਕ ਸਹਾਇਤਾ ਜਾਰੀ ਕਰੇ।
ਜਨਤਾ ਦਾ ਸਵਾਲ ਗਊ ਸੈਸ ਲਾਉਣ ਦੇ ਬਾਵਜੂਦ ਨਹੀਂ ਕਾਬੂ ਕੀਤੇ ਜਾ ਰਹੇ ਅਵਾਰਾ ਪਸ਼ੂ : ਡੇਰਾਬੱਸੀ ਵਿੱਚ ਅਵਾਰਾ ਪਸ਼ੂਆਂ ਕਾਰਨ ਇਹ ਇਹ ਸ਼ਹਿਰ ਦੀ ਤੀਜੀ ਮੌਤ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਟੈਕਸ ਦੀ ਉਗਰਾਹੀ ਬਿਜਲੀ ਦੇ ਬਿੱਲਾਂ ਅਤੇ ਹੋਰ ਸੇਵਾਵਾਂ ’ਤੇ ਭਾਰੀ ਗਊ ਸੈੱਸ ਲਿਆ ਜਾਂਦਾ ਹੈ, ਫਿਰ ਵੀ ਪਸ਼ੂ ਸੜਕਾਂ ’ਤੇ ਕਿਉਂ ਹਨ? ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਸਾਂਢਾਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਨਹੀਂ ਭੇਜਿਆ ਜਾ ਰਿਹਾ। ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ਨੇ ਡੇਰਾਬੱਸੀ ਦੀਆਂ ਸੜਕਾਂ ਨੂੰ ਖੂਨੀ ਬਣਾ ਦਿੱਤਾ ਹੈ। ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਪੁਲਿਸ ਥਾਣੇ ਵਿੱਚ ਡੀਡੀ ਆਰ ਦਰਜ ਕਰਵਾਈ ਗਈ ਜਿਸ ਮਗਰੋਂ ਉਸਦਾ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ।