ਨਿਊਜ਼ੀਲੈਂਡ ’ਚ ਕੁਝ ਲੋਕਾਂ ਵੱਲੋਂ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਨਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਦੂਜੀ ਵਾਰ ਅਜਿਹਾ ਕੀਤਾ ਜਾਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ

SGPC President Harjinder Singh Dhami condemns opposition to Nagar Kirtan by some people in New Zealand

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜ਼ੀਲੈਂਡ ਅੰਦਰ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਕੁਝ ਲੋਕਾਂ ਵੱਲੋਂ ਇੱਕ ਵਾਰ ਫਿਰ ਵਿਰੋਧ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਅੰਦਰ ਅਜਿਹਾ ਦੂਜੀ ਵਾਰ ਹੋਇਆ ਹੈ, ਜਿਸ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਦੀ ਮਜ਼ਬੂਤੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਿਆ ਜਾਣਾ ਠੀਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਪਰੰਪਰਾ ਹੈ ਜਿਸ ਦਾ ਵਿਰੋਧ ਸਿੱਖ ਧਰਮ ਦੀਆਂ ਮਾਨਵ ਹਿਤੈਸ਼ੀ ਕਦਰਾਂ ਕੀਮਤਾਂ ਦੇ ਨਾਲ ਨਾਲ ਸਮਾਜ ਦੀ ਆਪਸੀ ਸਾਂਝ ਲਈ ਵੀ ਚੁਣੌਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਦੇਸ਼ ਅੰਦਰ ਵਸਦਾ ਸਿੱਖ ਭਾਈਚਾਰਾ ਸਦਾ ਹੀ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਅਤੇ ਉਥੋਂ ਦੇ ਕਾਨੂੰਨਾਂ ਅਤੇ ਸਥਾਨਕ ਸਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਆਇਆ ਹੈ। ਇਸ ਦੇ ਬਾਵਜੂਦ ਵੀ ਮਿਥ ਕੇ ਸਿੱਖਾਂ ਨੂੰ ਧਰਮ ਪਾਲਣ ਤੋਂ ਰੋਕਣਾ ਨਿਰਾਸ਼ਾਜਨਕ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਜੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ।