ਇਮਰਾਨ ਖ਼ਾਨ ਵਲੋਂ ਸਿੱਖ ਭਾਵਨਾਵਾਂ ਦੀ ਕਦਰ ਕਰਨ 'ਤੇ ਸਿੱਖ ਕੌਮ ਧਨਵਾਦੀ
ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਜਦੋਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਉਥੇ ਵਸਦੀਆਂ ਘੱਟ ਗਿਣਤੀਆਂ ਨੇ ਸੁਖ ਦਾ ਸਾਹ ਲਿਆ ਹੈ.....
ਚੰਡੀਗੜ੍ਹ (ਸਪੋਕਸਮੈਨ ਬਿਊਰੋ): ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਜਦੋਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਉਥੇ ਵਸਦੀਆਂ ਘੱਟ ਗਿਣਤੀਆਂ ਨੇ ਸੁਖ ਦਾ ਸਾਹ ਲਿਆ ਹੈ। ਇਮਰਾਨ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਸੱਭ ਤੋਂ ਪਹਿਲਾਂ ਆਸ ਦੀ ਕਿਰਨ ਸਿੱਖ ਕੌਮ ਨੂੰ ਦਿਖਾਈ ਦਿਤੀ ਜਿਸ 'ਤੇ ਇਮਰਾਨ ਨੇ ਫੁਲ ਵੀ ਚੜ੍ਹਾਏ। ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਨੇ ਦੋਸਤਾਂ ਵਾਲਾ ਭਰੋਸਾ ਦਿਤਾ ਤੇ ਅੰਤ ਅਪਣੀ ਜ਼ੁਬਾਨ ਪੁਗਾ ਹੀ ਦਿਤੀ। ਇਹ ਗੱਲ ਪੱਕੀ ਹੈ ਕਿ ਜੇਕਰ ਇਮਰਾਨ ਪਾਕਿ ਦੇ ਪ੍ਰਧਾਨ ਮੰਤਰੀ ਨਾ ਬਣਦੇ ਤਾਂ ਸਿੱਖ ਕੌਮ ਨੂੰ ਹੋ ਸਕਦਾ ਹੈ
ਕਿ ਕਰਤਾਰਪੁਰ ਸਾਹਿਬ ਲਾਂਘੇ ਲਈ ਹੋਰ 100 ਸਾਲ ਉਡੀਕਣਾ ਪੈਂਦਾ। ਇਮਰਾਨ ਨੇ ਅਜਿਹੀ ਗੁਗਲੀ ਸੁਟੀ ਕਿ ਭਾਰਤ ਸਰਕਾਰ ਨੂੰ ਵੀ ਇਸ ਮੈਦਾਨ 'ਚ ਉਤਰਨਾ ਪਿਆ ਤੇ ਲਾਂਘੇ ਦਾ ਨਿਰਮਾਣ ਬਾਬੇ ਨਾਨਕ ਦੇ 550ਵੇਂ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਕਰਵਾਉਣ ਦਾ ਐਲਾਨ ਕਰਨਾ ਪਿਆ। ਇਸ ਵੇਲੇ ਇਮਰਾਨ ਦੀ ਨਿਜੀ ਦਿਲਚਸਪੀ ਕਾਰਨ ਹੀ ਅੱਜ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਕੰਮ ਕਰੀਬ 40 ਫ਼ੀ ਸਦੀ ਪੂਰਾ ਹੋ ਚੁਕਾ ਹੈ ਜਿਸ ਨੂੰ ਦੇਖਦਿਆਂ ਭਾਰਤ ਸਰਕਾਰ ਨੂੰ ਵਾਰ-ਵਾਰ ਮੀਟਿੰਗਾਂ ਬੁਲਾ ਕੇ ਅਧਿਕਾਰੀਆਂ ਨੂੰ ਕੰਮ ਛੇਤੀ ਨੇਪਰੇ ਚਾੜ੍ਹਨ ਲਈ ਕਹਿਣਾ ਪੈ ਰਿਹਾ ਹੈ।
ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਇਮਰਾਨ ਖ਼ਾਨ ਨੇ ਦੋ ਦਿਨ ਪਹਿਲਾਂ ਨਨਕਾਣਾ ਸਾਹਿਬ ਦਾ ਦੌਰਾ ਕੀਤਾ ਤੇ ਸਿੱਖਾਂ ਦੀ ਚਰੋਕਣੀ ਮੰਗ ਵੀ ਪੂਰੀ ਕਰ ਦਿਤੀ। ਇਮਰਾਨ ਨੇ ਨਨਕਾਣਾ ਸਾਹਿਬ ਵਿਖੇ ਬਾਬੇ ਨਾਨਕ ਦੇ ਨਾਂ 'ਤੇ ਯੂਨੀਵਰਸਟੀ ਬਣਾਉਣ ਦਾ ਐਲਾਨ ਕਰ ਕੇ ਸਿੱਖ ਕੌਮ ਵਿਚ ਹੋਰ ਸਤਿਕਾਰ ਪਾ ਲਿਆ। ਇਹੀ ਨਹੀਂ, ਇਮਰਾਨ ਖ਼ਾਨ ਨੇ ਇਹ ਵੀ ਐਲਾਨ ਕੀਤਾ ਕਿ ਇਸ ਖੇਤਰ ਵਿਚ ਇਕ ਜੰਗਲੀ ਰੱਖ ਵੀ ਬਾਬੇ ਨਾਨਕ ਦੇ ਨਾਮ 'ਤੇ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ 'ਚ ਜਿੰਨੀਆਂ ਵੀ ਸਰਕਾਰਾਂ ਬਣੀਆਂ, ਕਿਸੇ ਨੇ ਵੀ ਸਿੱਖਾਂ ਸਮੇਤ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਸੀ ਕੀਤੀ ਪਰ ਇਮਰਾਨ ਖ਼ਾਨ ਨੇ ਚੰਗਾ
ਇਨਸਾਨ ਬਣ ਕੇ ਸਾਰਿਆਂ ਦੇ ਦਿਲਾਂ 'ਚ ਇੱਜ਼ਤ ਬਣਾ ਲਈ ਹੈ। ਇਮਰਾਨ ਨੇ ਨਾ ਕੇਵਲ ਸਿੱਖਾਂ ਲਈ ਬਲਕਿ ਹਿੰਦੂਆਂ ਲਈ ਵੀ ਵੱਡਾ ਦਿਲ ਰਖਿਆ ਹੋਇਆ ਹੈ। ਪਿਛਲੇ ਦਿਨੀਂ ਪਾਕਿ ਵਿਚ ਇਕ ਹਿੰਦੂ ਮੰਦਰ ਦੀ ਬੇਹੁਰਤੀ ਦਾ ਇਮਰਾਨ ਖ਼ਾਨ ਨੇ ਸਖ਼ਤ ਨੋਟਿਸ ਲਿਆ ਤੇ ਅਧਿਕਾਰੀਆਂ ਨੂੰ ਜਾਂਚ ਕਰ ਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿਤੇ।