ਕਿਸਾਨ ਨੂੰ ਦਿਤੀ ਰਕਮ ਦੇ ਵੇਰਵੇ ਦੇਵੇ ਮਜੀਠੀਆ ਜਾਂ ਈ.ਡੀ. ਜਾਂਚ ਲਈ ਤਿਆਰ ਰਹੇ : ਰੰਧਾਵਾ
ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫਿਰ ਯੂਥ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿਤੀ ਕਿ.....
ਚੰਡੀਗੜ੍ਹ (ਨੀਲ): ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫਿਰ ਯੂਥ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿਤੀ ਕਿ ਜੇ ਉਹ ਇਹ ਦਾਅਵਾ ਕਰਦੇ ਹਨ ਕਿ ਕਿਸਾਨ ਬੁੱਧ ਰਾਮ ਨੂੰ ਦਿਤੇ ਪੈਸੇ ਕਾਨੂੰਨੀ ਸਰੋਤ ਤੋਂ ਆਏ ਹਨ ਤਾਂ ਉਹ (ਮਜੀਠੀਆ) ਇਨ੍ਹਾਂ ਪੈਸਿਆਂ ਸਬੰਧੀ ਸਥਿਤੀ ਸਪੱਸ਼ਟ ਕਰਨ ਅਤੇ ਅਜਿਹਾ ਕਰਨ ਵਿਚ ਨਾਕਾਮ ਰਹਿਣ ਦੀ ਸੂਰਤ ਵਿਚ ਈ.ਡੀ. ਜਾਂਚ ਲਈ ਤਿਆਰ ਰਹਿਣ। ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿਚ ਈ.ਡੀ. ਜਾਂਚ ਦੀ ਮੰਗ ਕੀਤੀ ਕੀਤੀ ਹੈ ਕਿਉਂ ਕਿ ਮਜੀਠੀਆ ਸਰਕਾਰ ਦਾ ਹਿੱਸਾ ਨਹੀਂ
ਅਤੇ ਇਹ ਦਸਣ ਵਿਚ ਵੀ ਅਸਫ਼ਲ ਰਿਹਾ ਕਿ ਉਸਨੇ ਕਿਸ ਸਰੋਤ ਤੋਂ ਇਹ ਪੇਸੇ ਉਕਤ ਕਿਸਾਨ ਨੂੰ ਦਿਤੇ ਹਨ। ਇਸ ਨਾਜ਼ੁਕ ਮੁੱਦੇ ਦਾ ਲਾਹਾ ਲੈ ਕੇ ਹਮਦਰਦੀ ਅਤੇ ਭਾਵਨਾਤਮਕ ਸਮਰਥਨ ਲੈਣ ਲਈ ਮਜੀਠੀਆ ਦੀ ਸਾਜ਼ਸ਼ ਤੋਂ ਪਰਦਾ ਉਠਾਉਂਦਿਆਂ ਸ. ਰੰਧਾਵਾ ਨੇ ਅੱਗੇ ਕਿਹਾ ਕਿ ਇਹ ਮੁੱਦਾ ਲੋਕਾਂ ਦੇ ਧਿਆਨ ਵਿਚ ਲਿਆਉਣਾ ਵੀ ਅਤਿ ਜ਼ਰੂਰੀ ਹੈ ਕਿ ਮਜੀਠੀਆ ਨੇ ਕਿਸਾਨ ਨੂੰ 3.86 ਲੱਖ ਰੁਪਏ ਕਿਉਂ ਦਿਤੇ ਜਦ ਕਿ ਰੀਕਾਰਡ ਅਨੁਸਾਰ ਉਸਦਾ ਕਰਜ਼ਾ 1.76 ਲੱਖ ਰੁਪਏ ਬਣਦਾ ਹੈ। ਇਹ ਸਾਰੇ ਤੱਥ ਇਸ ਗੱਲ ਵਲ ਇਸ਼ਾਰੇ ਕਰਦੇ ਹਨ ਕਿ ਮਜੀਠੀਆ ਪੈਸਿਆਂ ਨਾਲ ਬੁੱਧ ਸਿੰਘ ਦੀ ਆਵਾਜ਼ ਖ਼ਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਮਜੀਠੀਆ ਨੂੰ ਪੈਸਿਆਂ ਦੇ ਸਰੋਤ ਦਾ ਖੁਲਾਸਾ ਕਰਨਾ ਹੀ ਹੋਵੇਗਾ। ਸ. ਰੰਧਾਵਾ ਨੇ ਕਿਹਾ ਕਿ ਇਸਦੇ ਨਾਲ ਹੀ ਅਕਾਲੀ ਆਗੂ ਨੂੰ ਅਪਣੇ ਹਲਕੇ ਦੇ ਲੋਕਾਂ ਨੂੰ ਵੀ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਅਪਣੇ ਹਲਕੇ ਵਿਚੋਂ ਕਿਸੇ ਗ਼ਰੀਬ ਪਰਵਾਰ ਦੀ ਸਹਾਇਤਾ ਕਰਨ ਦੀ ਬਜਾਏ ਉਸਨੇ ਹੋਰ ਇਲਾਕੇ ਦੇ ਕਿਸਾਨ ਨੂੰ ਕਿਉਂ ਚੁਣਿਆ। ਸ. ਰੰਧਾਵਾ ਨੇ ਕਿਹਾ ਕਿ ਮੰਤਰੀ ਵਜੋਂ ਉਹ ਅਸਤੀਫ਼ੇ ਦੀ ਮੰਗ ਕਰ ਸਕਦੇ ਹਨ ਅਤੇ ਇਹ ਈ.ਡੀ. ਏਜੰਸੀ ਦੀ ਡਿਊਟੀ ਬਣਦੀ ਹੈ ਕਿ ਉਹ ਚਾਰਜਾਂ ਨੂੰ ਸਿੱਧ ਕਰੇ ਅਤੇ ਜੇ ਮਜੀਠੀਆ ਵੀ ਇਹ ਖ਼ੁਦ ਮੰਨਦਾ ਹੈ ਕਿ ਉਸਨੇ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਵਿਚ ਵਿਘਨ ਪਾਉਣ ਦੀ ਗ਼ਲਤੀ ਕੀਤੀ ਹੈ ਤਾਂ ਉਸਨੂੰ ਪੈਸੇ ਦੇ ਸਰੋਤ ਦਾ ਖ਼ੁਲਾਸ ਕਰਨਾ ਚਾਹੀਦਾ ਹੈ।