ਉਮੀਦਵਾਰਾਂ ਤੇ ਹੋਰ ਪਾਰਟੀ ਆਗੂਆਂ ’ਤੇ ਹਮਲੇ ਬਰਦਾਸ਼ਤ ਨਹੀਂ : ਅਸ਼ਵਨੀ ਸ਼ਰਮਾ

ਏਜੰਸੀ

ਖ਼ਬਰਾਂ, ਪੰਜਾਬ

ਉਮੀਦਵਾਰਾਂ ਤੇ ਹੋਰ ਪਾਰਟੀ ਆਗੂਆਂ ’ਤੇ ਹਮਲੇ ਬਰਦਾਸ਼ਤ ਨਹੀਂ : ਅਸ਼ਵਨੀ ਸ਼ਰਮਾ

image

ਚੰਡੀਗੜ੍ਹ, 10 ਫ਼ਰਵਰੀ (ਜੀ.ਸੀ.ਭਾਰਦਵਾਜ): ਪੰਜਾਬ ਅੰਦਰ 8 ਕਾਰਪੋਰੇਸ਼ਨ ਤੇ 108 ਤੋਂ ਵੱਧ ਮਿਉਂਸਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਦੇ ਕੁਲ 2215 ਵਾਰਡਾਂ ਵਿਚ 14 ਫ਼ਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਚਲ ਰਹੇ ਚੋਣ ਪ੍ਰਚਾਰ ਦੇ ਮੱਦੇਨਜ਼ਰ ਹੋ ਰਹੀ ਹਿੰਸਾ, ਭੰਨਤੋੜ, ਵਿਰੋਧੀ ਉਮੀਦਵਾਰਾਂ ਦੇ ਰੱਦ ਕੀਤੇ ਜਾ ਰਹੇ ਕਾਗ਼ਜਾਂ, ਬੀਜੇਪੀ ਨੇਤਾਵਾਂ ਤੇ ਉਮੀਦਵਾਰਾਂ ’ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਅੱਜ ਪਾਰਟੀ ਪ੍ਰਧਾਨ ਨੇੇ ਮੀਡੀਆ ਕਾਨਫ਼ਰੰਸ ਵਿਚ ਦਸਿਆ ਕਿ ਇਸ ਗੰਭੀਰ ਮੁੱਦੇ ਨੂੰ ਲੈ ਕੇ ਭਲਕੇ ਇਕ ਉਚ ਪਧਰੀ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ।
ਇਸ ਤੋਂ ਪਹਿਲਾਂ ਇਸ ਪਾਰਟੀ ਦੇ ਸਿਰਕੱਢ ਮੈਂਬਰ, ਪ੍ਰਧਾਨ ਤੇ ਹੋਰ ਡੀ.ਜੀ.ਪੀ. ਚੋਣ ਕਮਿਸ਼ਨਰ ਅਤੇ ਹੋਰ ਥਾਵਾਂ ’ਤੇ ਅਪਣੀ ਪੁਕਾਰ ਕਰ ਚੁੱਕੇ ਹਨ। ਪਿਛਲੇ ਦਿਨੀਂ ਅਕਾਲੀ ਦਲ ਅਤੇ ‘ਆਪ’ ਪਾਰਟੀ ਦੇ ਵਫ਼ਦ ਵੀ ਚੋਣ ਕਮਿਸ਼ਨਰ ਤੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮਾੜੀ ਕਾਨੂੰਨ ਵਿਵਸਥਾ ਦਾ ਰੋਣਾ ਰੋ ਚੁਕੇ ਹਨ। ਅੱਜ ਇਥੇ ਸੈਕਟਰ 37 ਦੇ ਹੈੱਡ ਆਫ਼ਿਸ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਸਿਆ ਕਿ ਕਲ੍ਹ ਉਨ੍ਹਾਂ ’ਤੇ ਫ਼ਿਰੋਜ਼ਪੁਰ ਵਿਚ ਹਮਲਾ ਕੀਤਾ ਗਿਆ, ਕਾਂਗਰਸ ਦੇ ਗੁੰਡਿਆਂ ਨੇ ਪਹਿਲਾਂ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਤੇ ਹੋਰਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਅਤੇ ਇਸੇ ਤਰ੍ਹਾਂ ਨਵਾਂਸ਼ਹਿਰ, ਕਪੂਰਥਲਾ, ਬਠਿੰਡਾ, ਬਟਾਲਾ, ਅਜਨਾਲਾ, ਜ਼ੀਰਾ ਤੇ ਰਾਜਪੁਰਾ ਵਿਚ ਬੀਜੇਪੀ ਦਫ਼ਤਰਾਂ ਵਿਚ ਭੰਨਤੋੜ ਕੀਤੀ ਤੇ ਪੁਲਿਸ ਦੀ ਮਿਲੀਭੁਗਤ ਨਾਲ ਹੁਸ਼ਿਆਰਪੁਰ ਵਿਚ ਦਲਿਤ ਮਹਿਲਾ ਉਮੀਦਵਾਰ ਨੂੰ ਧਮਕੀਆਂ ਦਿਤੀਆਂ।
ਅਸ਼ਵਨੀ ਸ਼ਰਮਾ ਨੇ ਅਪਣੇ ਬਾਰੇ ਬੀਤੇ ਦਿਨ ਦੀ ਘਟਨਾ ਸੁਣਾਈ ਤੇ ਕਿਹਾ ਕਿ ਕਾਂਗਰਸ ਸਰਕਾਰ, ਮੁੱਖ ਮੰਤਰੀ, ਕਾਂਗਰਸ ਪ੍ਰਧਾਨ ਚੋਣ ਕਮਿਸ਼ਨਰ ਤੇ ਪੁਲਿਸ ਸਾਰੇ ਮਿਲ ਕੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੁੱਟਣ ’ਤੇ ਲੱਗੇ ਹਨ, ਗੁੰਡਾਗਰਦੀ ਕਰ ਰਹੇ ਹਨ ਅਤੇ ਪਿਛਲੇ 4 ਸਾਲਾਂ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕਿਸਾਨਾਂ ਦੇ ਮੁੱਦੇ ਨੂੰ ਮੋਹਰੇ ਕਰ ਕੇ ਬੇਤਹਾਸ਼ਾ ਹੀ ਪੰਜਾਬ ਦੀ ਅਮਨ ਸ਼ਾਂਤੀ ਵਿਗਾੜਨ ਵਿਚ ਲੱਗੇ ਹਨ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਉਮੀਦਵਾਰ ਕਾਰਪੋਰੇਸ਼ਨਾਂ ਦੇ ਕੁਲ 400 ਵਾਰਡਾਂ ਵਿਚੋਂ 352 ’ਤੇ ਅਤੇ ਮਿਉਂਸਪਲ ਕਮੇਟੀਆਂ ਦੇ ਏ ਤੇ ਬੀ ਕਲਾਸ ਦੇ 1230 ਵਿਚੋਂ 800 ਵਾਰਡਾਂ ਤੇ ਅਤੇ ਸੀ ਕਲਾਸ ਦੇ 225 ਵਾਰਡਾਂ ਵਿਚ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਵਿਚ ਪੂਰਾ ਉਤਸ਼ਾਹ ਹੈ।