ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਡੱਟ ਕੇ ਕਿਸਾਨਾਂ ਨਾਲ ਖੜੀ ਹੈ : ਸੁਨੀਲ ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਡੱਟ ਕੇ ਕਿਸਾਨਾਂ ਨਾਲ ਖੜੀ ਹੈ : ਸੁਨੀਲ ਜਾਖੜ

image

‘ਆਪ’ ਦੇ ਰਾਘਵ ਚੱਢਾ ਉਤੇ ਸ਼ਬਦੀ ਬੰਬਾਰੀ

ਚੰਡੀਗੜ੍ਹ, 10 ਫ਼ਰਵਰੀ (ਜੀ.ਸੀ.ਭਾਰਦਵਾਜ): ਕੇਂਦਰ ਵਲੋਂ ਲਾਗੂ ਕੀਤੇ 3 ਖੇਤੀ ਬਿਲਾਂ ਨੂੰ ਲੈ ਕੇ ਪਿਛਲੇ 6 ਮਹੀਨੇ ਤੋਂ ਉਂਜ ਤਾਂ ਸਾਰੇ ਮੁਲਕ ਵਿਚ ਭਖਦੀ ਸਿਆਸਤ ਨੇ ਲੀਡਰਾਂ ਤੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ ਪਰ ਪੰਜਾਬ ਦੀ ਕਿਸਾਨੀ ਦੇ ਨਾਮ ’ਤੇ ਇਸ ਸੂਬੇ ਦੀ ਸਰਕਾਰ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਨਿਸ਼ਾਨੇ ’ਤੇ ਰੱਖ ਕੇ ਅਕਾਲੀ, ਆਪ, ਬੀਜੇਪੀ ਤੇ ਹੋਰ ਦਲਾਂ ਨੂੰ ਘੁਮਾਈ ਰਖਿਆ ਹੈ।
ਪੰਜਾਬ ਵਿਚੋਂ ਛੇੜੇ ਕਿਸਾਨੀ ਅੰਦੋਲਨ ਨੂੰ ਸੱਤਾਧਾਰੀ ਕਾਂਗਰਸ ਤੇ ਇਸ ਦੇ ਨੇਤਾ ਸਿੱਧੀ ਮਦਦ ਅਤੇ ਦਿਸ਼ਾ ਦੇ ਰਹੇ ਹਨ ਅਤੇ ਡੱਟ ਕੇ ਕਿਸਾਨੀ ਨਾਲ ਖੜੀ ਇਸ ਦੀ ਸੂਬਾ ਸਰਕਾਰ ‘ਆਪ’ ਦੇ ਨੇਤਾ ਰਾਘਵ ਚੱਢਾ ਅਤੇ ਹੋਰ ਅਕਾਲੀ ਬੀਜੇਪੀ ਨੇਤਾਵਾਂ ਨੂੰ ਅਪਣੇ ਨਿਸ਼ਾਨੇ ’ਤੇ ਰੱਖ ਕੇ ਰੋਜ਼ਾਨਾ ਕਟਹਿਰੇ ਵਿਚ ਖੜੇ ਕਰਨ ਵਿਚ ਲੱਗੇ ਹਨ। ਅੱਜ ਸ਼ਾਮ ਪੰਜਾਬ ਭਵਨ ਵਿਚ ਮੀਡੀਆ ਸਾਹਮਣੇ 25 ਮਾਰਚ 2013 ਦੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਕੰਟਰੈਕਟ ਫ਼ਾਰਮ ਬਿਲ ਦੇ ਉਸ ਵੇਲੇ ਦੀ ਅਕਾਲੀ ਬੀਜੇਪੀ ਸਰਕਾਰ ਵਲੋਂ ਪਾਸ ਕੀਤੇ ਜਾਣ ਦੀ ਵੀਡੀਉ ਦਿਖਾਉਂਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਖ਼ੁਦ ਕਿਸਾਨ ਦੀ ਜ਼ਮੀਨ ਨੂੰ 
ਹਥਿਆਉਣ ਤੇ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੇ ਹੱਕ ਵਿਚ ਸਨ। ਜਾਖੜ ਨੇ ਪੰਜਾਬ ਵਿਚ ਆਪ ਪਾਰਟੀ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਬਾਰੇ ਵੀ ਵੀਡੀਉ ਤੇ ਦਸਤਾਵੇਜ਼ ਦਿਖਾਉਂਦਿਆਂ ਕਿਹਾ ਕਿ ਜੋ ਇਸ ਨੇਤਾ ਨੇ ਮੁੱਖ ਮੰਤਰੀ ਵਿਰੁਧ ਅਤੇ ਕਾਂਗਰਸ ਪਾਰਟੀ ਵਿਰੁਧ ਝੂਠ ਬੋਲਿਆ ਉਸ ਸਬੰਧੀ ਰਾਘਵ ਚੱਢਾ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਕਾਂਗਰਸ ਪ੍ਰਧਾਨ ਨੇ ਠੋਕ ਕੇ ਕਿਹਾ ਕਿ ਸਰਕਾਰ ਤੇ ਪਾਰਟੀ ਡੱਟ ਕੇ ਪੰਜਾਬ ਦੇ ਕਿਸਾਨਾਂ ਨਾਲ ਤੇ ਕਿਸਾਨੀ ਮੁੱਦਿਆਂ ਨਾਲ ਖੜੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਕਿਸਾਨੀ ਬਚਾਉਣ ਲਈ ਤਿੰਨੋ ਖੇਤੀ ਐਕਟ ਰੱਦ ਕਰਨੇ ਚਾਹੀਦੇ ਹਨ। ਬੀਜੇਪੀ ਬਾਰੇ ਪੁਛੇ ਗਏ ਅਨੇਕਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਇਸ ਵੇਲੇ ਲੋਕਾਂ ਤੇ ਵਿਸ਼ੇਸ਼ ਕਰ ਕੇ ਕਿਸਾਨਾਂ ਦਾ ਗੁੱਸਾ ਮੋਦੀ ਸਰਕਾਰ ਤੇ ਇਸ ਦੀ ਪਾਰਟੀ ਬੀਜੇਪੀ ਵਿਰੁਧ ਹੈ ਜੋ ਆਮ ਲੋਕਾਂ ਦੀ ਰੋਜ਼ੀ ਰੋਟੀ ਖੋਹਣ ’ਤੇ ਲੱਗੀ ਹੋਈ ਹੈ।