ਅਕਾਲੀ-ਭਾਜਪਾ ਵਜ਼ਾਰਤ ਸਮੇਂ ਸੁਖਬੀਰ ਸਿੰਘ ਬਾਦਲ ਨੇ ਹਵਾ ਵਿਚ ਉਸਾਰਿਆ ਸੀ ਇਕ ਪਿੰਡ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਜੂਦਾ ਸਰਕਾਰ ਨੇ ਇਸ ਘਪਲੇਬਾਜ਼ੀ ਬਾਰੇ ਅੱਖਾਂ ਮੀਚੀਆਂ ਹੋਈਆਂ ਹਨ : ਪੂਰਨ ਸਿੰਘ

Puran Singh

ਚੰਡੀਗੜ੍ਹ (ਹਰਦੀਪ ਸਿੰਘ ਭੋਗਲ) : ਚੰਦ ’ਤੇ ਜ਼ਮੀਨ ਖ਼ਰੀਦਣ ਜਾਂ ਮੰਗਲ ਗ੍ਰਹਿ ਉਤੇ ਘਰ ਬਣਾਉਣ ਵਰਗੀਆਂ ਗੱਲਾਂ ਆਮ ਸੁਣਨ ਨੂੰ ਮਿਲ ਜਾਂਦੀਆਂ ਹਨ। ਸਾਇੰਸ ਦੀਆਂ ਨਵੀਆਂ ਨਵੀਆਂ ਕਾਢਾਂ ਅਤੇ ਪਹੁੰਚ ਨੂੰ ਵੇਖਦਿਆਂ ਇਹ ਗੱਲ ਵਿਸ਼ਵਾਸਯੋਗ ਵੀ ਲਗਦੀ ਹੈ। ਪਰ ਜੇਕਰ ਕੋਈ ਸਾਡੇ ਆਸ-ਪਾਸ ਹੀ ਹਵਾ ਵਿਚ ਪਿੰਡ ਵੱਸ ਜਾਵੇ ਪਰ ਉਸ ਦੀ ਵਜੂਦ ਨਾ ਲੱਭ ਰਿਹਾ ਹੋਵੇ ਤਾਂ ਤੁਸੀਂ ਇਸ ’ਤੇ ਕਿਵੇਂ ਵਿਸ਼ਵਾਸ ਕਰੋਗੇ? ਅਜਿਹਾ ਹੀ ਇਕ ਪਿੰਡ ਪੰਜਾਬ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੌਰਾਨ ਸਾਹਮਣੇ ਆਇਆ ਹੈ, ਜਿੱਥੇ ਰਿਕਾਰਡ ਮੁਤਾਬਕ ਸਬ ਡਵੀਜ਼ਨ ਨੂਰਮਹਿਲ ਵਿਖੇ ਦਿਵਿਆ ਗਰਾਮ ਨਾਮ ਦਾ ਬਕਾਇਦਾ ਪਿੰਡ ਵੱਸਿਆ ਹੋਇਆ ਹੈ। ਕਾਗ਼ਜ਼ਾਂ ਵਿਚ ਪਿੰਡ ਦੇ 300 ਦੇ ਕਰੀਬ ਵਾਸੀ ਵੀ ਮੌਜੂਦ ਹਨ, ਪਿੰਡ ਦੀਆਂ ਗਲੀਆਂ ਨਾਲੀਆਂ ਵੀ ਬਣੀਆਂ ਹੋਈਆਂ ਹਨ। ਇੱਥੋਂ ਕਿ ਇਸ ਪਿੰਡ ਦੇ ਵਾਸੀ ਮਨਰੇਗਾ ਅਧੀਨ ਕੰਮ ਵੀ ਕਰਦੇ ਹਨ, ਜਿਸ ਦੇ ਇਵਜ਼ ਵਿਚ ਲੱਖਾਂ ਰੁਪਏ ਜਾਰੀ ਵੀ ਹੁੰਦੇ ਹਨ। 

ਇਸ ਦਾ ਖੁਲਾਸਾ ਕਰਦਿਆਂ ਨੂਰਮਹਿਲ ਦੇ ਮੁਹੱਲਾ ਲੱਖਣਪਾਲ ਦੇ ਵਾਸੀ ਪੂਰਨ ਸਿੰਘ ਪੁੱਤਰ ਸ੍ਰੀ ਬੁੱਧ ਸਿੰਘ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਸਮੇਂ ਦੌਰਾਨ ਦੋ ਪਿੰਡਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿਚ ਦਿਵਿਆ ਗਰਾਮ ਅਤੇ ਨਾਲਾ ਪੱਤੀ ਜੱਟਾ ਨਾਮ ਦੇ ਪਿੰਡ ਸ਼ਾਮਲ ਸਨ। ਇਨ੍ਹਾਂ ਵਿਚ ਨਾਲਾ ਪੱਤੀ ਜੱਟਾ ਪਿੰਡ ਵਿਚ ਬੱਚੇ ਵੀ ਜੰਮਦੇ ਹਨ, ਵਿਆਹ ਵੀ ਹੋ ਰਹੇ ਹਨ, ਬਜ਼ੁਰਗਾਂ ਦੀ ਮੌਤ ਵੀ ਹੁੰਦੀ ਹੈ, ਸ਼ਮਸ਼ਾਨ ਘਾਟ ਵੀ ਹੈ, ਗੁਰਦੁਆਰਾ ਵੀ ਹੈ, ਮੰਦਰ ਵੀ ਹੈ। ਜਦਕਿ ਦਿਵਿਆ ਗਰਾਮ ਇਕ ਅਜਿਹਾ ਪਿੰਡ ਹੈ ਜਿੱਥੇ ਨਾ ਕੋਈ ਬੱਚਾ ਜੰਮਦਾ ਹੈ, ਨਾ ਕੋਈ ਮਰਦਾ ਹੈ, ਨਾ ਕੋਈ ਵਿਆਹ ਹੁੰਦੈ, ਨਾ ਕੋਈ ਘਰ-ਘਾਟ ਹੈ, ਪਰ ਕਾਗ਼ਜ਼ਾਂ ਵਿਚ ਇਹ ਪਿੰਡ ਗਹਿਮਾ-ਗਹਿਮ ਵੱਸਦਾ ਹੈ। ਇੱਥੋਂ ਤਕ ਕਿ ਕਾਗ਼ਜ਼ਾਂ ਵਿਚ ਵਸਦੇ ਇਸ ਪਿੰਡ ਦੀ ਪੰਚਾਇਤ ਵੀ ਹੈ, ਜਿਸ ਨੂੰ ਬਕਾਇਦਾ ਸਰਕਾਰ ਵਲੋਂ ਗਰਾਟਾਂ ਜਾਰੀ ਹੁੰਦੀਆਂ ਹਨ। ਇੱਥੇ ਵੋਟਾਂ ਵੀ ਬਣੀਆਂ ਹੋਈਆਂ ਹਨ। 

ਪੂਰਨ ਸਿੰਘ ਮੁਤਾਬਕ ਉਹੀ ਵੋਟਾਂ ਸਹੀ ਨਾਮ ’ਤੇ ਪਿੰਡ ਵਿਚ ਬਣਾਈਆਂ ਹੋਈਆਂ ਹਨ ਅਤੇ ਸ਼ਿਬਿਆ ਮੁਹੱਲੇ ਨੂਰਮਹਿਲ ਵਿਚ 14 ਫ਼ਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਇਹੀ ਵੋਟਾਂ ਉਧਰ ਵੀ ਵਿਖਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 10 ਮਰਲੇ ਇਸ ਜਗ੍ਹਾ ਵਿਚ ਭਾਵੇਂ 300 ਬੱਕਰੀ ਨਾ ਵੜ ਸਕਦੀ ਹੋਵੇ, ਪਰ ਇੱਥੇ 300 ਵੋਟਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਇੱਥੇ ਕੇਵਲ ਹਵਾ ਵਿਚ ਹੀ ਇਕ ਪਿੰਡ ਵਸਾਇਆ ਹੋਇਆ ਹੈ, ਜਿਸ ਦਾ ਕੋਈ ਵਜੂਦ ਨਹੀਂ ਹੈ।

ਪੂਰਨ ਸਿੰਘ ਮੁਤਾਬਕ ਉਨ੍ਹਾਂ ਨੇ ਇਸ ਪਿੰਡ ਦੇ ਨਕਸ਼ੇ ਸਬੰਧੀ ਤਹਿਸੀਲਦਾਰ ਕੋਲ ਪਹੁੰਚ ਕੀਤੀ। ਪਰ ਤਹਿਸੀਲਦਾਰ ਨੇ ਇਹ ਲਿਖ ਕੇ ਦਿਤਾ ਹੈ ਕਿ ਇਸ ਪਿੰਡ ਦੇ ਨਾਮ ’ਤੇ ਇਕ ਇੰਚ ਵੀ ਜ਼ਮੀਨ ਨਹੀਂ ਹੈ। ਇੰਨਾ ਹੀ ਨਹੀਂ, ਇਸ ਪਿੰਡ ਦੇ 30 ਵਿਅਕਤੀ (ਬੰਦੇ-ਜ਼ਨਾਨੀਆਂ) ਨੂੰ ਬਕਾਇਦਾ ਨਰੇਗਾ ਅਧੀਨ ਕੰਮ ਕਰਦੇ ਵਿਖਾਇਆ ਗਿਆ ਹੈ ਜਿਨ੍ਹਾਂ ਦੀ ਮਿਹਨਤਾਨੇ ਵਜੋਂ 2 ਲੱਖ 65 ਹਜ਼ਾਰ ਰੁਪਏ ਦਿਤੇ ਵਿਖਾਏ ਗਏ ਹਨ। 

ਪੂਰਨ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ ਘਪਲਾ ਹੈ, ਜਿਸ ਤੋਂ ਮੌਜੂਦਾ ਕੈਪਟਨ ਸਰਕਾਰ ਅਨਜਾਣ ਬਣੀ ਹੋਈ ਹੈ। ਉਨ੍ਹਾਂ ਨੇ ਬੀਡੀਪੀਓ ਦਫ਼ਤਰ ਵਿਚੋਂ ਕਢਵਾਏ ਰਿਕਾਰਡ ਮੁਤਾਬਕ 30 ਵਿਅਕਤੀਆਂ ਦੇ ਨਾਮ ਦਰਜ ਹਨ। ਪਿੰਡ ਨੂੰ ਆਮ ਪਿੰਡਾਂ ਵਾਂਗ ਸਰਕਾਰ ਵਲੋਂ ਗਰਾਂਟਾਂ ਵੀ ਜਾਰੀ ਹੋ ਰਹੀਆਂ ਹਨ ਅਤੇ ਵਰਤੀਆਂ ਵੀ ਜਾ ਰਹੀਆਂ ਹੈ। ਪੂਰਨ ਸਿੰਘ ਮੁਤਾਬਕ ਮਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਤਿੰਨ ਮਹੀਨੇ ਬਾਅਦ ਬਦਲੀ ਹੁੰਦੀ ਹੈ, ਪਰ ਇੱਥੇ ਇਨ੍ਹਾਂ ਵਿਚ 2016 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ। 

ਪੂਰਨ ਸਿੰਘ ਮੁਤਾਬਕ ਪਿੰਡ ਨੂੰ 11 ਲੱਖ ਰੁਪਏ ਗਰਾਂਟ ਜਾਰੀ ਹੋ ਚੁੱਕੀ ਹੈ। ਪਿੰਡ ਵਿਚੋਂ ਲੰਘਦੀ ਡਰੇਨ ’ਤੇ ਸ਼ੈਡ ਪਾਇਆ ਵੀ ਵਿਖਾਇਆ ਗਿਆ ਹੈ। ਦਿਵਿਆ ਗਰਾਮ ਪਿੰਡ ਦਾ ਬਕਾਇਦਾ ਪੰਚ, ਸਰਪੰਚ ਵੀ ਕਾਗ਼ਜ਼ਾਂ ਵਿਚ ਮੌਜੂਦ ਹਨ। ਪਿੰਡ ਦੀਆਂ ਗਲੀਆਂ ਨਾਲੀਆਂ ਦੀ ਵੀ ਬਣਾਈਆਂ ਗਈਆਂ ਹਨ ਅਤੇ 59 ਘਰ ਵੀ ਮੌਜੂਦ ਵਿਖਾਏ ਗਏ ਹਨ। ਗਲੀਆਂ, ਨਾਲੀਆਂ ਅਤੇ ਸਟਰੀਟ ਲਾਈਟਾਂ ’ਤੇ ਹੋਏ ਖ਼ਰਚੇ ਦੇ ਵੇਰਵੇ ਵੀ ਕਾਗ਼ਜ਼ਾਂ ਵਿਚ ਦਰਜ ਹਨ। 

ਪੂਰਨ ਸਿੰਘ ਨੇ ਸਰਕਾਰੀ ਸਬੂਤ ਵਿਖਾਉਂਦਿਆਂ ਕਿਹਾ ਕਿ ਬਿਜਲੀ ਮਹਿਕਮੇ ਦਾ ਕਹਿਣਾ ਹੈ ਕਿ ਦਿਵਿਆ ਗਰਾਮ ਪਿੰਡ ਵਿਚ ਉਨ੍ਹਾਂ ਨੇ ਬਿਜਲੀ ਨਹੀਂ ਪਹੁੰਚਾਈ ਅਤੇ ਨਾ ਹੀ ਉਥੇ ਕੋਈ ਟਰਾਂਸਫ਼ਾਰਮਰ ਮੌਜੂਦ ਹੈ। ਇੱਥੇ ਦਿਵਿਆ ਜਯੋਤੀ ਜਾਗਰਿਤੀ ਸੰਸਥਾਨ ਦੇ ਨਾਮ ’ਤੇ ਇਕ ਹੀ ਮੀਟਰ ਹੈ। ਪੂਰਨ ਸਿੰਘ ਮੁਤਾਬਕ ਇਨ੍ਹਾਂ ਵੋਟਾਂ ਦੀ ਵਰਤੋਂ ਆਉਂਦੀਆਂ ਨਗਰ ਨਿਗਮ ਚੋਣਾਂ ਵੇਲੇ ਕੀਤੀ ਜਾਵੇਗੀ, ਜਿਸ ਸਬੰਧੀ ਉਹ ਸਬੰਧਤ ਚੋਣ ਅਧਿਕਾਰੀ ਨੂੰ ਮਿਲਣ ਜਾ ਰਹੇ ਹਨ। ਪੂਰਨ ਸਿੰਘ ਨੇ ਦੋਸ਼ ਲਾਇਆ ਕਿ ਇਹ ਵੋਟਾਂ ਬੀਜੇਪੀ ਦੀਆਂ ਹਨ।

ਇੱਥੇ ਆਰ.ਐਸ.ਐਸ. ਨਾਲ ਸਬੰਧਤ ਵੱਡਾ ਡੇਰਾ ਹੈ, ਜਿਸ ਵਲੋਂ ਇਨ੍ਹਾਂ ਵੋਟਾਂ ਦੀ ਵਰਤੋਂ ਨਿਗਮ ਚੋਣਾਂ ਵੇਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਜਾਅਲੀ ਵੋਟਾਂ ਦੀ ਵਰਤੋਂ ਸਬੰਧੀ 14 ਫ਼ਰਵਰੀ ਨੂੰ ਇਲਾਕੇ ਦੇ ਲੋਕਾਂ ਦਾ ਇਕੱਠ ਕਰ ਕੇ ਰੋਕਿਆ ਜਾਵੇਗਾ। ਪੂਰਨ ਸਿੰਘ ਨੇ ਦਸਿਆ ਕਿ ਭਾਜਪਾ ਦਾ ਕਿਸਾਨਾਂ ਵਲੋਂ ਵਿਰੋਧ ਹੋਣ ਕਾਰਨ ਇਸ ਵਾਰ ਇੱਥੇ ਇਨ੍ਹਾਂ ਨੇ ਆਜ਼ਾਦ ਉਮੀਦਵਾਰ ਖੜ੍ਹਾਇਆ ਗਿਆ ਹੈ, ਜਿਸ ਨੂੰ ਇਹ ਸਾਰੀਆਂ ਵੋਟਾਂ ਭੁਗਤੇ ਜਾਣ ਦੀ ਸ਼ੰਕਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਲਾਕੇ ਭਰ ਵਿਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਜਾਅਲਸਾਜ਼ੀ ਤੋਂ ਪਰਦਾ ਚੁਕਿਆ ਜਾ ਸਕੇ।   

https://business.facebook.com/RozanaSpokesmanOfficial/videos/120929163206196/