''ਕੀ ਪੰਜਾਬ ਨਾਲੋਂ ਜ਼ਿਆਦਾ ਆਜ਼ਾਦੀ ਦੀ ਲੜਾਈ ਕਿਸੇ ਹੋਰ ਨੇ ਲੜੀ ਹੈ'
ਡਾ. ਅਮਰ ਸਿੰਘ ਦਾ ਸਵਾਲ ਸੁਣ ਸਾਰੀ ਸੰਸਦ ਹੋਈ ਚੁੱਪ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸਾਂਸਦਾਂ ਨੂੰ ਛੱਡ ਕੇ ਹੋਰ ਵੱਖ ਵੱਖ ਪਾਰਟੀਆਂ ਦੇ ਸਾਂਸਦਾਂ ਵੱਲੋਂ ਲੋਕ ਸਭਾ ਵਿਚ ਲਗਾਤਾਰ ਕਿਸਾਨ ਅਤੇ ਕਿਸਾਨੀ ਅੰਦੋਲਨ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਜਾ ਰਿਹਾ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਸਾਂਸਦ ਡਾ. ਅਮਰ ਸਿੰਘ ਨੇ ਵੀ ਕਿਸਾਨਾਂ ਦਾ ਮੁੱਦਾ ਉਠਾਉਂਦਿਆਂ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਆਖਿਆ ਕਿ ਜਦੋਂ ਸਰਕਾਰ ਖ਼ੁਦ ਮੰਨਦੀ ਹੈ ਕਿ ਇਨ੍ਹਾਂ ਕਾਨੂੰਨਾਂ ਵਿਚ ਕਾਫ਼ੀ ਖ਼ਾਮੀਆਂ ਨੇ ਤਾਂ ਫਿਰ ਕਾਨੂੰਨ ਰੱਦ ਕਿਉਂ ਨਹੀਂ ਕੀਤੇ ਜਾਂਦੇ? ਇਸ ਦੇ ਨਾਲ ਹੀ ਉਨ੍ਹਾਂ ਐਮਐਸਪੀ ’ਤੇ ਕਾਨੂੰਨ ਬਣਾਉਣ ਦੀ ਮੰਗ ਵੀ ਉਠਾਈ। ਉਹਨਾਂ ਕਿਹਾ ਕਿ ਨਾ ਛੇੜੋ ਮੈਨੂੰ FCI ਦਾ ਚੈਅਰਮੈਨ ਰਿਹਾ ਹੈ ਤੁਹਾਡੇ ਵਿਚੋਂ ਕਿਸੇ ਨੂੰ ਵੀ ਉਸ ਬਾਰੇ ਜਾਣਕਾਰੀ ਨਹੀਂ ਹੈ।
ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਜੋ ਘਟਨਾਵਾਂ ਹੋਈਆਂ ਹਨ ਉਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ, ਵੱਖਵਾਦੀ ਅਤੇ ਹੋਰ ਬਹੁਤ ਕੁੱਝ ਕਿਹਾ ਗਿਆ ਉਸ ਗੱਲ ਤੋਂ ਅਸੀਂ ਬਹੁਤ ਦੁਖੀ ਹੈਂ। ਕਿਉਂਕਿ ਜੋ ਪੰਜਾਬ ਦਾ ਇਤਿਹਾਸ ਦੁਰਸਾਉਂਦਾ ਹੈ ਕਿ ਇਹ ਉਹ ਕੌਮ ਹੈ ਜੋ ਸਭ ਤੋਂ ਵੱਧ ਦੇਸ਼ ਭਗਤ ਹੈ।
ਪੰਜਾਬ ਦਾ ਸਿੱਖ, ਪੰਜਾਬ ਦਾ ਕਿਸਾਨ ਇਹ ਕਿਰਤ ਕਰਦਾ ਰੱਬ ਦਾ ਨਾਮ ਲੈਂਦਾ ਦੂਸਰੇ ਦੰਗ ਫੰਗ ਨਹੀਂ ਕਰਦਾ ਪਰ ਜਦੋਂ ਉਸਨੂੰ ਇਸ ਤਰ੍ਹਾਂ ਕਹਿੰਦੇ ਹਨ ਤਾਂ ਬਹੁਤ ਦੁੱਖ ਲੱਗਦਾ ਹੈ। ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅਜ਼ਾਦੀ ਦੀ ਲੜਾਈ ਅਤੇ ਉਸ ਤੋਂ ਬਾਅਦ ਵੀ ਜੋ ਵੀ ਪੰਜਾਬ ਵਿਚ ਲੜਾਈਆਂ ਕੀਤੀਆਂ ਗਈਆਂ ਉਹ ਸਾਡੇ ਲੋਕਾਂ ਨੇ ਲੜੀਆਂ ਕੀ ਹਿੰਦੁਸਤਾਨ ਵਿਚ ਹੋਰ ਕਿਸੇ ਨੇ ਕੀਤੀਆਂ ਹਨ।
ਅਹਿਮਦ ਸ਼ਾਹ ਅਬਦਾਲੀ 17 ਵਾਰ ਆਇਆ ਹਰ ਵਾਰ ਅਸੀਂ ਉਸ ਨਾਲ ਲੜੇ, ਅਤੇ ਜਦੋਂ ਲੁੱਟ ਕੇ ਵਾਪਸ ਜਾਂਦਾ ਸੀ ਉਦੋਂ ਵੀ ਅਸੀਂ ਉਸਦਾ ਮੁਕਾਬਲਾ ਕਰਦੇ ਸੀ। ਉਹਨਾਂ ਨੇ ਕਿਹਾ ਕਿ ਸਾਡੀ ਜਨਸੰਖਿਆ 2 ਪ੍ਰਤੀਸ਼ਤ ਹੈ ਅਤੇ ਅਸੀਂ 810 ਪ੍ਰਤੀਸ਼ਤ ਆਰਮੀ ਵਿਚ ਹਾਂ।
ਹਰ ਦੋ ਤਿੰਨ ਦਿਨ ਬਾਅਦ ਇਕ ਲਾਸ਼ ਤਿਰੰਗੇ ਵਿਚ ਲਿਪਟੀ ਆਉਂਦੀ ਹੈ। ਸਾਡੇ ਮੁੰਡੇ ਬਾਰਡਰਾਂ ਤੇ ਦੇਸ਼ ਦੀ ਖਾਤਰ ਲੜ ਰਹੇ ਹਨ ਅਤੇ ਉਹਨਾਂ ਨੂੰ ਇਸ ਤਰ੍ਹਾਂ ਕਹਿਣਾ ਮਾੜੀ ਗੱਲ ਹੈ। 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਜੋ ਘਟਨਾ ਹੋਈ ਹੈ ਉਸ ਦੀ ਸਾਰਿਆਂ ਨੇ ਨਿੰਦਾ ਕੀਤੀ ਹੈ ਕਿਉਂਕਿ ਲਾਲ ਕਿਲ੍ਹਾ ਸਾਡੀ ਅਜ਼ਾਦੀ ਦਾ ਪ੍ਰਤੀਕ ਹੈ ਅਤੇ ਉਥੇ ਜੋ ਵੀ ਘਟਨਾ ਹੋਵੇਗੀ ਉਹ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਅੱਜ ਵੀ ਕਿਸਾਨ ਆਪਣੀ ਫਸਲ ਪ੍ਰਈਵੇਟ ਨੂੰ ਵੇਚ ਰਿਹਾ ਹੈ ਅਤੇ 10 ਸਾਲ ਪਹਿਲਾਂ ਵੀ ਵੇਚਦਾ ਸੀ। ਉਹਨਾਂ ਕਿਹਾ ਕਿ ਇਹ ਅੰਨਦਾਤਾ ਹੈ ਇਹ ਸਾਰੇ ਦੇਸ਼ ਨੂੰ ਖਵਾਉਂਦਾ ਹੈ। ਇਸ ਦੌਰਾਨ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਉਨ੍ਹਾਂ ਦੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਨੋਕਝੋਕ ਵੀ ਹੋਈ।
ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਭਰ ਦੇ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਧਰਨੇ ਲਗਾਈ ਬੈਠੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।