ਚੀਫ ਜਸਟਿਸ ਤਕ ਪਹੁੰਚਿਆ ਜੇਲ੍ਹ ਵਿਚ ਬੰਦ ਦਲਿਤ ਲੜਕੀ ਦਾ ਮੁੱਦਾ, ਬਾਜਵਾ ਨੇ ਚਿੱਠੀ ਲਿਖ ਦਖ਼ਲ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਫ ਜਸਟਿਸ ਤੋਂ ਖੁਦ ਅਖਤਿਆਰੀ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਕੀਤੀ ਅਪੀਲ

Partap Bajwa

ਚੰਡੀਗੜ੍ਹ : ਹਰਿਆਣਾ ਪੁਲਿਸ ਵਲੋਂ ਗ੍ਰਿਫਤਾਰ ਕਰ ਕੇ ਜੇਲ੍ਹ ਪਹੁੰਚਾਈ ਦਲਿਤ ਲੜਕੀ ਦੀ ਰਿਹਾਈ ਲਈ ਲੋਕ-ਲਹਿਰ ਬਣਨੀ ਸ਼ੁਰੂ ਹੋ ਗਈ ਹੈ। ਵੱਖ ਵੱਖ ਸ਼ਖਸੀਅਤਾਂ ਵਲੋਂ ਨੌਦੀਪ ਕੌਰ ਦੇ ਹੱਕ ਵਿਚ ਖੜਨ ਦੀ ਤਫਸੀਲ ਲੰਮੀ ਹੁੰਦੀ ਜਾ ਰਹੀ ਹੈ। ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਨੌਦੀਪ ਕੌਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ।

ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੀ 23 ਸਾਲਾ ਦੀ ਦਲਿਤ ਲੜਕੀ ਨੌਦੀਪ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨਾਲ ਹੋ ਰਹੀ ਹਿੰਸਾ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਖੁਦ ਅਖਤਿਆਰੀ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  

ਚੀਫ ਜਸਟਿਸ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਨੇ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਨੌਦੀਪ ਕੌਰ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੀ ਸੀ। ਉਸ ਦੀ ਆਵਾਜ਼ ਨੂੰ ਦਬਾਉਣ ਅਤੇ ਹੋਰਾਂ ਨੂੰ ਡਰਾਉਣ ਦੇ ਮਕਸਦ ਨਾਲ ਹਰਿਆਣਾ ਪੁਲਸ ਨੇ ਨੌਦੀਪ ਕੌਰ ਖਿਲਾਫ ਝੂਠੇ ਅਤੇ ਮਨਘੜਤ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ।

ਬਾਜਵਾ ਨੇ ਕਿਹਾ ਕਿ ਉਕਤ ਪੀੜਤ ਲੜਕੀ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਸਾਥੀ ਲਗਾਤਾਰ ਦੋਸ਼ ਲਗਾ ਰਹੇ ਹਨ ਕਿ ਲੜਕੀ ’ਤੇ ਹਿਰਾਸਤ ਦੌਰਾਨ ਪੁਲਸ ਵੱਲੋਂ ਅੱਤਿਆਚਾਰ ਅਤੇ ਜਿਨਸੀ ਹਿੰਸਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਇਹ ਲੜਕੀ ਸੋਨੀਪਤ ਜੇਲ੍ਹ ਵਿਚ ਨਜ਼ਰਬੰਦ ਹੈ ਜਿਸਨੂੰ ਉੱਥੇ ਦੀ ਸਰਕਾਰ ਦੇ ਇਸ਼ਾਰੇ ’ਤੇ ਪ੍ਰੇਸ਼ਾਨ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਾਲੇ ਇਸ ਦੇਸ਼ ਵਿਚ ਪੁਲਿਸ ਵੱਲੋਂ ਸਾਰੀ ਕਾਰਵਾਈ ਗੁਪਤ ਰੱਖੀ ਜਾ ਰਹੀ ਹੈ ਅਤੇ ਐੱਫ. ਆਈ. ਆਰ. ਦੀ ਕਾਪੀ ਵੀ ਵੈੱਬਸਾਈਟ ਉਪਰ ਅਪਲੋਡ ਨਹੀਂ ਕੀਤੀ ਗਈ।

ਬਾਜਵਾ ਨੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਅਖਤਿਆਰੀ ਨੋਟਿਸ ਲੈਣ ਅਤੇ ਨੌਦੀਪ ਕੌਰ ਨੂੰ ਅਗਲੀ ਪੜਤਾਲ ਦੌਰਾਨ ਜਾਂ ਜਦੋਂ ਤੱਕ ਉਸ ਦੀ ਜ਼ਮਾਨਤ ਨਹੀਂ ਹੁੰਦੀ, ਉਸ ਨੂੰ ਪੰਜਾਬ ਦੀ ਕਿਸੇ ਜੇਲ ਵਿਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਮਾਣਯੋਗ ਹਾਈਕੋਰਟ ਨੂੰ ਉਹ ਇਹ ਵੀ ਅਪੀਲ ਕਰਦੇ ਹਨ ਕਿ ਇਸ ਕੇਸ ਦੀ ਜਾਂਚ ਦੀ ਨਿਗਰਾਨੀ ਕੀਤੀ ਜਾਵੇ ਅਤੇ ਉਸਨੂੰ ਇਨਸਾਫ ਦਵਾਇਆ ਜਾਵੇ।