ਕੁੱਝ ਭਾਰਤੀਆਂ ਦੀਆਂ ਹੇਰਾਫੇਰੀਆਂ ਨੇ ਕੈਨੇਡਾ ਜਾਣ ਵਾਲਿਆਂ ਦੇ ਜਾਇਜ਼ ਵੀਜ਼ਿਆਂ ’ਤੇ ਮਰਵਾਇਆ ਡਾਕਾ?

ਏਜੰਸੀ

ਖ਼ਬਰਾਂ, ਪੰਜਾਬ

ਕੁੱਝ ਭਾਰਤੀਆਂ ਦੀਆਂ ਹੇਰਾਫੇਰੀਆਂ ਨੇ ਕੈਨੇਡਾ ਜਾਣ ਵਾਲਿਆਂ ਦੇ ਜਾਇਜ਼ ਵੀਜ਼ਿਆਂ ’ਤੇ ਮਰਵਾਇਆ ਡਾਕਾ?

image

ਲੁਧਿਆਣਾ, 10 ਫ਼ਰਵਰੀ (ਪ੍ਰਮੋਦ ਕੌਸ਼ਲ): ਭਾਰਤ ਤੋਂ ਜਾਇਜ਼ ਢੰਗ ਨਾਲ ਕੈਨੇਡਾ ਆਉਣ ਵਾਲਿਆਂ ਉਪਰ ਹੇਰਾਫੇਰੀ ਕਰਨ ਵਾਲੇ ਭਾਰੀ ਪੈਣ ਲੱਗੇ ਹਨ। ਭਾਰਤ ਵਿਚਲੇ ਕੈਨੇਡੀਅਨ ਵੀਜ਼ਾ ਅਫ਼ਸਰ ਉੱਥੋਂ ਆਉਣ ਵਾਲੀਆਂ ਦਰਖ਼ਾਸਤਾਂ ਥੋਕ ਵਿਚ ਰੱਦ ਕਰ ਰਹੇ ਹਨ। ਕੈਨੇਡਾ ਤੋਂ ਪ੍ਰਕਾਸ਼ਿਤ ਅੰਗਰੇਜ਼ੀ ਅਖ਼ਬਾਰ ‘ਦ ਗਲੋਬ ਐਂਡ ਮੇਲ’ ਵਿਚ ਪ੍ਰਕਾਸ਼ਿਤ ਲੇਖ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਵਿਚ ਬੈਠੇ ਕਥਿਤ ਟ੍ਰੈਵਲ ਏਜੰਟਾਂ ਦੀਆਂ ਚਲਾਕੀਆਂ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਵਧੇਰੇ ਚੌਂਕਸ ਕਰ ਦਿਤਾ ਹੈ ਅਤੇ ਵੀਜ਼ਾ ਨਾਂਹ ਹੋਣ ਲੱਗ ਪਈ ਹੈ। ਸਾਲ 2017 ਵਿਚ 1477 ਐਪਲੀਕੇਸ਼ਨਾਂ ਰੱਦ ਕੀਤੀਆਂ ਗਈਆਂ ਸਨ ਤੇ ਸਾਲ 2019 ਦੇ ਮਈ ਮਹੀਨੇ ਤਕ ਹੀ ਇਹ ਗਿਣਤੀ 3709 ਤਕ ਪਹੁੰਚ ਗਈ ਹੈ ਜੋਕਿ ਸਾਲ ਦੇ ਆਖਿਰ ਤਕ ਇਹ ਗਿਣਤੀ ਤਕਰੀਬਨ 500 ਫ਼ੀ ਸਦੀ ਵਾਧੇ ਨਾਲ ਦਰਜ ਕੀਤੀ ਗਈ। 
ਗ਼ਲਤ ਦਸਤਾਵੇਜ਼ ਨੱਥੀ ਕਰਨ, ਗ਼ਲਤ ਤੇ ਝੂਠੀ ਜਾਣਕਾਰੀ ਭਰਨ ਅਤੇ ਕੈਨੇਡਾ ਜਾਣ ਦਾ ਕਾਰਨ ਦਸਣ ਵੇਲੇ ਵਰਤੇ ਜਾਂਦੇ ਹਰਬੇ ਵੀਜ਼ੇ ਨਾਂਹ ਹੋਣ ਦਾ ਕਾਰਨ ਬਣ ਰਹੇ ਹਨ। ਇਕ ਵਾਰ ਵੀਜ਼ਾ ਨਾਂਹ ਹੋਣ ਤੋਂ ਤੁਰਤ ਮਗਰੋਂ ਦੂਜੀ ਐਪਲੀਕੇਸ਼ਨ ਲਗਾਉਣ ਤੇ ਦੂਜੀ ਐਪਲੀਕੇਸ਼ਨ ਵੇਲੇ ਨਵੇਂ ਕਾਗ਼ਜ਼ਾਤ ਨੱਥੀ ਕਰਨ, ਨਵੀਂ ਸਪੌਂਸਰਸ਼ਿਪ ਹਾਸਲ ਕਰਨ ਆਦਿ ਦੀ ਗ਼ਲਤੀ ਕੀਤੀ ਜਾਂਦੀ ਹੈ ਤੇ ਫਿਰ ਪੱਕਾ ਹੀ ਠੱਪਾ ਲੱਗ ਜਾਂਦਾ ਹੈ। ਪਤਾ ਲਗਿਆ ਹੈ ਕਿ ਕਈ ਮਾਮਲਿਆਂ ਵਿਚ ਗ਼ਲਤ ਜਾਣਕਾਰੀ ਦੇਣ ਵਾਲਿਆਂ ਨੂੰ 5 ਸਾਲ ਵਾਸਤੇ ਕੈਨੇਡਾ ਦਾ ਵੀਜ਼ਾ ਲੈਣ ਤੋਂ ਰੋਕ ਲਗਾ ਦਿਤੀ ਗਈ ਹੈ। ਅਜਿਹੇ ਕੇਸਾਂ ਵਿਚ ਵਿਦਿਆਰਥੀ, ਡਿਪੈਂਡੈਂਟ, ਪਤੀ-ਪਤਨੀ ਵੀ ਸ਼ਾਮਲ ਹਨ। ਬੈਂਕ ਸਟੇਟਮੈਂਟਾਂ, ਇਨਕਮ ਟੈਕਸ ਰਿਟਰਨਾਂ, ਮੈਡੀਕਲ ਫ਼ਾਈਲਾਂ, ਐਜੂਕੇਸ਼ਨ 
ਹਿਸਟਰੀ ਦੇ ਦਸਤਾਵੇਜ਼, ਫ਼ਿਊਨਰਲ ਹੋਮ ਤੋਂ ਹਾਸਲ ਚਿੱਠੀਆਂ, ਐਮਪੀ ਤੋਂ ਹਾਸਲ ਚਿੱਠੀਆਂ ਆਦਿ ਸੱਭ ਜਾਅਲੀ ਪਾਏ ਗਏ ਹਨ। 
ਅੰਕੜਿਆਂ ਉਤੇ ਝਾਤ ਮਾਰੀ ਜਾਵੇ ਤਾਂ ਇਹ ਹੈਰਾਨ ਕਰਨ ਵਾਲੇ ਹਨ। ਸਾਲ 2015 ਤਕ 88 ਫ਼ੀ ਸਦੀ ਐਪਲੀਕੇਸ਼ਨਾਂ ਵੀਜ਼ੇ ਵਾਸਤੇ ਮਨਜ਼ੂਰ ਹੁੰਦੀਆਂ ਸਨ। ਅਪ੍ਰੈਲ, 2015 ਵਿਚ ਕੈਨੇਡੀਅਨ ਵੀਜ਼ਾ ਆਫ਼ਿਸ ਨੂੰ 27600 ਦਰਖ਼ਾਸਤਾਂ ਮਿਲੀਆਂ ਸਨ ਪਰ 2018 ਵਿਚ ਇਹ ਗਿਣਤੀ 58000 ਪ੍ਰਤੀ ਮਹੀਨਾ ਪਾਰ ਕਰ ਗਈ ਸੀ। ਭਾਵ, ਦਰਖ਼ਾਸਤਾਂ ਦੀ ਗਿਣਤੀ ਪ੍ਰਤੀ ਮਹੀਨਾ ਦੁਗਣੀ ਤੋਂ ਵਧ ਗਈ ਪਰ ਵੀਜ਼ਾ ਮਿਲਣ ਦੀ ਦਰ 40.8 ਫ਼ੀ ਸਦੀ ਉਤੇ ਪਹੁੰਚ ਗਈ ਜਿਹੜੀ ਪਹਿਲਾਂ 88 ਫ਼ੀ ਸਦੀ ਉਤੇ ਸੀ। ਦਰਖ਼ਾਸਤਾਂ ਪਹਿਲਾਂ ਨਾਲੋਂ ਲਗਭਗ ਦੁਗਣੀਆਂ ਹੋ ਗਈਆਂ ਤੇ ਵੀਜ਼ੇ ਪਹਿਲਾਂ ਨਾਲੋਂ ਤਕਰੀਬਨ ਅੱਧੇ ਹੋ ਗਏ। ਕੈਨੇਡਾ ਆ ਕੇ ਵਿਜ਼ਿਟਰ ਵੀਜ਼ਾ ਨੂੰ ਵਰਕ ਪਰਮਿਟ ਵਿਚ ਤਬਦੀਲ ਕਰਨ ਦਾ ਸਿਲਸਿਲਾ ਵੀ ਚੱਲ ਤੁਰਿਆ।