ਰਾਘਵ ਚੱਢਾ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਬਠਿੰਡਾ ਵਿਚ ਕੀਤਾ ਰੋਡ ਸ਼ੋਅ

ਏਜੰਸੀ

ਖ਼ਬਰਾਂ, ਪੰਜਾਬ

ਰਾਘਵ ਚੱਢਾ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਬਠਿੰਡਾ ਵਿਚ ਕੀਤਾ ਰੋਡ ਸ਼ੋਅ

image

ਕਿਹਾ, ਪੰਜਾਬ ਵਿਚ ਕੇਜਰੀਵਾਲ ਮਾਡਲ ਲਾਗੂ ਕੀਤਾ ਜਾਵੇਗਾ, ਮੋਦੀ ਨੇ ਭਾਸ਼ਣਾਂ ਤੋਂ ਵੱਧ ਦੇਸ਼ ਲਈ ਕੁੱਝ ਨਹÄ ਕੀਤਾ
 

ਬਠਿੰਡਾ, 10 ਫ਼ਰਵਰੀ (ਸੁਖਜਿੰਦਰ ਮਾਨ): ਆਮ ਆਦਮੀ ਪਾਰਟੀ ਨੇ ਪੰਜਾਬ ’ਚ ਸਥਾਨਕ ਸੰਸਥਾਵਾਂ ’ਚ ਦਿੱਲੀ ਦੀ ਤਰਜ ’ਤੇ ਕੇਜਰੀਵਾਲ ਮਾਡਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਨਗਰ ਨਿਗਮ ਚੋਣਾਂ ’ਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ਕੱਢਣ ਆਏ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ‘‘ਪੰਜਾਬ ਦੇ ਲੋਕਾਂ ਨੇ ਇਸ ਤੋਂ ਪਹਿਲਾਂ ਹਰ ਪਾਰਟੀ ਨੂੰ ਮੌਕਾ ਦਿਤਾ ਹੈ ਪਰ ਇਸ ਵਾਰ ਉਹ ‘ਆਪ’ ਨੂੰ ਮੌਕਾ ਦੇਣ ਦਾ ਮਨ ਬਣਾਈ ਬੈਠੇ ਹਨ।’’ ਸਥਾਨਕ ਦਾਦੀ-ਪੋਤੀ ਪਾਰਕ ਤੋਂ ਇਹ ਰੋਡ ਸ਼ੋਅ ਸ਼ੁਰੂ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨੂੰ ਅੰਦੋਲਨਜੀਵੀ ਕਹਿਣ ਦੀ ਸਖ਼ਤ ਨਿੰਦਾ ਕਰਦਿਆਂ ਮੋਦੀ ਐਂਡ ਕੰਪਨੀ ਨੂੰ ‘ਪ੍ਰੋਪੋਗੰਡਾਵਾਦੀ’ ਕਰਾਰ ਦਿੰਦਿਆਂ ਕਿਹਾ ਕਿ ਇਸ ਸਰਕਾਰ ਨੇ ਹਾਲੇ ਤਕ ਭਾਸ਼ਣਾਂ ਤੋਂ ਵੱਧ ਦੇਸ਼ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ ਹੈ। ਕਿਸਾਨਾਂ ਦੀ ਫ਼ਸਲ ਖ਼ਰੀਦ ਲਈ ਐਮ.ਐਸ.ਪੀ ਨੂੰ ਕਾਨੂੰਨੀ ਰੂਪ ਦੀ ਮੰਗ ਦੀ ਹਿਮਾਇਤ ਕਰਦਿਆਂ ‘ਆਪ’ ਦੇ ਨੌਜਵਾਨ ਆਗੂ ਨੇ ਕਿਹਾ ਕਿ ‘‘ਕੋਈ ਵੀ ਕਿਸਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਆਧਾਰ ’ਤੇ ਹੀ ਖ਼ਰੀਦਦਾਰ ਨੂੰ ਅਪਣੀ ਫ਼ਸਲ ਘੱਟੋ-ਘੱਟ ਤੈਅਸ਼ੁਦਾ ਕੀਮਤ ’ਤੇ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਦਾ।’’ ਸੂਬੇ ਦੀ ਸਿਆਸੀ ਹਾਲਾਤ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਸਥਾਪਤ ਪਾਰਟੀਆਂ ਵਲੋਂ ਪੰਜਾਬ ਨੂੰ ਠੇਕੇ ਦੇ ਆਧਾਰ ’ਤੇ ਚਲਾਇਆ ਜਾ ਰਿਹਾ ਅਤੇ ਹੁਣ ਆਪ ਅਜਿਹਾ ਨਹੀਂ ਹੋਣ ਦੇਵੇਗੀ। 
ਉਨ੍ਹਾਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਦਾਅਵਾ ਕਰਦਿਆਂ ਕਿਹਾ ਕਿ ‘‘ਪਾਰਟੀ ਬਹੁਤ ਮਜਬੂਤ ਅਤੇ ਪ੍ਰਭਾਵਸ਼ਾਲੀ ਚਿਹਰਾ ਅੱਗੇ ਲਿਆਏਗੀ।’’ ਰਾਘਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ‘ਆਪ’ ਤੋਂ ਘਬਰਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸੀ ‘ਆਪ’ ਉਮੀਦਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤਾਕਿ ਉਹ ਮੈਦਾਨ ਵਿਚ ਹਟ ਜਾਣ ਪਰ ਅਜਿਹਾ ਨਹੀਂ ਹੋਵੇਗਾ। 
ਬਾਦਲ ਪ੍ਰਵਾਰ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ‘‘ਹੁਣ ਤਕ ਅਲੱਗ-ਅਲੱਗ ਪਾਰਟੀਆਂ ਤੋਂ ਇਸ ਪ੍ਰਵਾਰ ਦੀ ਬਠਿੰਡਾ ਤੋਂ ਨੁਮਾਇੰਦਗੀ ਰਹੀ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਇਥੋਂ ਦੇ ਲੋਕ ਹਾਲੇ ਤਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ।’’ 
ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ, ਸੀਨੀਅਰ ਆਗੂ ਨੀਲ ਗਰਗ, ਅਮਰਦੀਪ ਰਾਜਨ, ਅੰਮ੍ਰਿਤਲਾਲ ਅਗਰਵਾਲ, ਅਨਿਲ ਠਾਕੁਰ, ਰਾਕੇਸ਼ ਪੁਰੀ, ਮਹਿੰਦਰ ਫੂਲੋਮਿੱਠੀ, ਮਨਜੀਤ ਸਿੰਘ ਲਹਿਰਾ ਤੋਂ ਇਲਾਵਾ ਸਹਿਰ ਦੇ ਵੱਖ-ਵੱਖ ਵਾਰਡਾਂ ਤੋਂ ਪਾਰਟੀ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ। ਪਾਰਟੀ ਦਾ ਇਹ ਰੋਡ ਸ਼ੋਅ ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਹੁੰਦਾ ਹੋਇਆ ਮੁੜ ਇੱਥੇ ਹੀ ਸਮਾਪਤ ਹੋਇਆ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਮੋਟਰਸਾਈਕਲਾਂ ਉਪਰ ਚੱਲ ਰਹੇ ਸਨ। 

ਇਸ ਖ਼ਬਰ ਨਾਲ ਸਬੰਧਤ ਫੋਟੋ 10 ਬੀਟੀਆਈ 01 ਵਿਚ ਭੇਜੀ ਜਾ ਰਹੀ ਹੈ।