ਚੋਣ ਪ੍ਰਚਾਰ ਵਿਚ ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਹੋਈ ਹਿੰਸਾ ’ਚ ਦੋ ਵਿਅਕਤੀਆਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਪ੍ਰਚਾਰ ਵਿਚ ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਹੋਈ ਹਿੰਸਾ ’ਚ ਦੋ ਵਿਅਕਤੀਆਂ ਦੀ ਮੌਤ

image

ਮੋਗਾ, 10 ਫ਼ਰਵਰੀ (ਹਰਬੰਸ ਸਿੰਘ/ਅਰੁਣ ਗੁਲਾਟੀ): ਸਥਾਨਕ ਵਾਰਡ ਨੰਬਰ 9 ’ਚ ਚੋਣਾਂ ਤੋਂ ਪਹਿਲਾਂ ਹੋਈ ਹਿੰਸਕ ਝੜਪ ’ਚ ਸਾਬਕਾ ਸਰਪੰਚ ਸਮੇਤ ਦੋ ਵਿਅਕਤੀਆਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਵਾਰਡ ਨੰਬਰ 9 ਵਿਖੇ ਕਾਂਗਰਸੀ ਉਮੀਦਵਾਰ ਬੀਬੀ ਪਰਮਜੀਤ ਕੌਰ ਸਿੱਧੂ ਪਤਨੀ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਚੋਣ ਲੜ ਰਹੇ ਹਨ, ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁਲਵਿੰਦਰ ਕੌਰ ਪਤਨੀ ਗੁਰਤੇਜ ਸਿੰਘ ਲੜ ਰਹੇ ਹਨ।
 ਬੀਤੀ ਦੇਰ ਰਾਤ ਜਦੋਂ ਕੁਲਵਿੰਦਰ ਕੌਰ ਅਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਸਿੱਧੂ ਦੇ ਪਤੀ ਨਰਿੰਦਰਪਾਲ ਸਿੰਘ ਸਿੱਧੂ ਅਪਣੇ ਸਮਰਥਕਾਂ ਨਾਲ ਉੱਥੇ ਆ 
ਗਏ ਅਤੇ ਉਨ੍ਹਾਂ ਦਾ ਆਪਸ ’ਚ ਤਕਰਾਰ ਹੋ ਗਿਆ। ਇਹ ਤਕਰਾਰ ਉਸ ਸਮੇਂ ਹਿੰਸਕ ਹੋ ਗਿਆ, ਜਦੋਂ ਦੋਹਾਂ ਪਾਰਟੀਆਂ ਦੇ ਸਮਰਥਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸੇ ਦੌਰਾਨ ਗੱਡੀਆਂ ਦੀ ਭੰਨ-ਤੋੜ ਕਰਨ ਦੇ ਨਾਲ ਕਾਂਗਰਸੀ ਉਮੀਦਵਾਰ ਦੇ ਪਤੀ ਨਰਿੰਦਰਪਾਲ ਸਿੰਘ ਸਿੱਧੂ ਦੇ ਬੇਟੇ ਨੇ ਦੋ ਵਿਅਕਤੀਆਂ ਉਤੇ  ਗੱਡੀ ਚੜ੍ਹਾ ਦਿਤੀ।
 ਇਸ ਦੌਰਾਨ ਜਗਦੀਪ ਸਿੰਘ ਭੋਲਾ ਅਤੇ ਹਰਮੰਦਰ ਸਿੰਘ ਗਿੱਲ ਦੀ ਮੌਤ ਹੋ ਗਈ। ਪੁਲਿਸ ਵਲੋਂ ਨੌ ਦੋਸ਼ੀਆਂ ਵਿਰੁਧ ਮੁਕੱਦਮਾ ਦਰਜ ਕੀਤਾ ਹੈ। ਇਸ ਘਟਨਾ ਦੀ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਹਲਕਾ ਇੰਚਾਰਜ ਮੋਗਾ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਗੁੰਡਾ ਰਾਜ ਹੈ।
ਫੋਟੋ ਨੰਬਰ - 10 ਮੋਗਾ 01 ਪੀ