ਆਵਾਜਾਈ ਦੇ ਬਦਲਵੇਂ ਰੂਟਾਂ ਦੀ ਜਾਣਕਾਰੀ ਹੁਣ ਸੋਸ਼ਲ ਮੀਡੀਆ 'ਤੇ ਸਾਂਝੀ ਕਰੇਗੀ ਟ੍ਰੈਫ਼ਿਕ ਪੁਲਿਸ
ਲੁਧਿਆਣਾ ਟ੍ਰੈਫ਼ਿਕ ਪੁਲਿਸ ਨੇ ਕੀਤਾ ਫ਼ੈਸਲਾ, ਫ਼ੇਸਬੁੱਕ ਪੇਜ ਤੇ ਟਵਿੱਟਰ ਹੈਂਡਲ ਰਾਹੀਂ ਮਿਲੇਗੀ ਜਾਣਕਾਰੀ
ਲੁਧਿਆਣਾ - ਕਿਸੇ ਕਾਰਨ ਟ੍ਰੈਫ਼ਿਕ ਲਈ ਬਣਾਏ ਗਏ ਬਦਲਵੇਂ ਰੂਟ, ਜਾਂ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਟ੍ਰੈਫ਼ਿਕ ਅਤੇ ਆਵਾਜਾਈ ਸੰਬੰਧੀ ਹਰ ਕਿਸਮ ਦੀ ਜਾਣਕਾਰੀ ਨੂੰ ਇਲਾਕੇ ਦੇ ਹਰ ਨਾਗਰਿਕ ਤੱਕ ਪਹੁੰਚਣਾ ਯਕੀਨੀ ਬਣਾਉਣ ਲਈ, ਟ੍ਰੈਫ਼ਿਕ ਪੁਲਿਸ ਨੇ ਆਪਣੇ ਅਧਿਕਾਰਤ ਫ਼ੇਸਬੁੱਕ ਪੇਜ ਅਤੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਅਪਡੇਟ ਕਰਨ ਦਾ ਫ਼ੈਸਲਾ ਕੀਤਾ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਟਰੈਫ਼ਿਕ) ਵਰਿੰਦਰ ਸਿੰਘ ਬਰਾੜ ਨੇ ਚਾਰਜ ਸੰਭਾਲਣ ਉਪਰੰਤ ਸਮੂਹ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਦੀ ਮੀਟਿੰਗ ਕੀਤੀ | ਏ.ਡੀ.ਸੀ.ਪੀ. (ਟ੍ਰੈਫ਼ਿਕ) ਸਮੀਰ ਵਰਮਾ ਨੇ ਸ਼ੁੱਕਰਵਾਰ ਨੂੰ ਡੀ.ਸੀ.ਪੀ. ਨਾਲ ਵਿਸ਼ੇਸ਼ ਤੌਰ ’ਤੇ ਬੁਲਾਈ ਬੈਠਕ ਵਿੱਚ ਸ਼ਿਰਕਤ ਕੀਤੀ।
ਬਰਾੜ ਨੇ ਕਿਹਾ, "ਇਲਾਕਾ ਨਿਵਾਸੀਆਂ ਦੀ ਸੇਵਾ ਵਾਸਤੇ, ਐਲੀਵੇਟਿਡ ਰੋਡ ਪ੍ਰੋਜੈਕਟ ਜਾਂ ਸ਼ਹਿਰ 'ਚ ਵੀ.ਆਈ.ਪੀ. ਲੋਕਾਂ ਦੇ ਦੌਰਿਆਂ ਕਾਰਨ ਚਲਾਏ ਗਏ ਬਦਲਵੇਂ ਰੂਟਾਂ ਬਾਰੇ ਜਾਣਕਾਰੀ ਨੂੰ ਹੁਣ ਟ੍ਰੈਫ਼ਿਕ ਪੁਲਿਸ ਨਿਯਮਤ ਤੌਰ 'ਤੇ ਅਪਡੇਟ ਕਰੇਗੀ। ਇਸ ਨਾਲ ਇਲਾਕਾ ਵਾਸੀਆਂ ਨੂੰ ਆਪਣੇ ਘਰਾਂ ਤੋਂ ਚੱਲਣ ਵੇਲੇ ਪਹਿਲਾਂ ਤੋਂ ਹੀ ਇਸ ਸੰਬੰਧੀ ਲੋੜੀਂਦੇ ਉਪਾਅ ਕਰਨ ਵਿੱਚ ਮਦਦ ਮਿਲੇਗੀ।"
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਟ੍ਰੈਫ਼ਿਕ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਸਾਡੇ ਫ਼ੇਸਬੁੱਕ ਪੇਜ ਜਾਂ ਟਵਿੱਟਰ ਹੈਂਡਲ 'ਤੇ ਸੁਨੇਹਾ ਭੇਜ ਸਕਦੇ ਹਨ ਅਤੇ ਟ੍ਰੈਫ਼ਿਕ ਪੁਲਿਸ ਟੀਮ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।
ਡੀ.ਸੀ.ਪੀ. ਨੇ ਟ੍ਰੈਫ਼ਿਕ ਜ਼ੋਨ ਇੰਚਾਰਜਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਕਬਜ਼ਿਆਂ 'ਤੇ ਨਿਰਭਰ ਨਾ ਹੋਣ, ਕਿਉਂਕਿ ਇਹ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੇ ਹਨ। ਉਨ੍ਹਾਂ ਟ੍ਰੈਫ਼ਿਕ ਅਧਿਕਾਰੀਆਂ ਨੂੰ ਇਸ ਸੰਬੰਧੀ ਦੁਕਾਨਦਾਰਾਂ ਨਾਲ ਬੈਠਕ ਕਰਨ ਲਈ ਕਿਹਾ।
ਅਧਿਕਾਰੀਆਂ ਨੂੰ ਇਹ ਵੀ ਹਿਦਾਇਤਾਂ ਦਿੱਤੀਆਂ ਗਈਆਂ ਕਿ ਨਿਰਧਾਰਤ ਬਜ਼ਾਰਾਂ ਵਿੱਚ ਕੋਈ ਵੀ ਭਾਰੀ ਵਾਹਨ ਨੋ ਐਂਟਰੀ ਜ਼ੋਨ ਵਿੱਚ ਦਾਖਲ ਨਾ ਹੋਵੇ, ਅਤੇ ਅਜਿਹੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਦੌਰਾਨ ਡੀ.ਸੀ.ਪੀ. ਨੇ ਟ੍ਰੈਫ਼ਿਕ ਪੁਲਿਸ ਕਰਮਚਾਰੀਆਂ ਤੋਂ ਉਹਨਾਂ ਥਾਵਾਂ ਬਾਰੇ ਰਾਏ ਲਈ ਜਿੱਥੇ ਅਕਸਰ ਟ੍ਰੈਫ਼ਿਕ ਜਾਮ ਲੱਗਦਾ ਹੈ ਅਤੇ ਉਹਨਾਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਡਿਊਟੀ ਦੌਰਾਨ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਨ੍ਹਾਂ ਕਾਲਮਾਂ 'ਚ ਮੁੱਖ ਬੱਸ ਅੱਡੇ ਅਤੇ ਭਾਰਤ ਨਗਰ ਚੌਂਕ ਨੇੜੇ ਟ੍ਰੈਫਿਕ ਜਾਮ ਦਾ ਮੁੱਦਾ ਵੀ ਉਭਾਰਿਆ ਗਿਆ ਸੀ।
ਬਰਾੜ ਨੇ ਇਸ ਖ਼ਬਰ ਦਾ ਖੁਦ ਨੋਟਿਸ ਲੈਂਦਿਆਂ ਸੰਬੰਧਿਤ ਜ਼ੋਨ ਇੰਚਾਰਜਾਂ ਨੂੰ ਕਿਹਾ ਕਿ ਉਹ ਯਾਤਰੀਆਂ ਦੀ ਸਹੂਲਤ ਲਈ ਇਨ੍ਹਾਂ ਥਾਵਾਂ 'ਤੇ ਆਵਾਜਾਈ ਦਾ ਸੁਚਾਰੂ ਪ੍ਰਵਾਹ ਯਕੀਨੀ ਬਣਾਉਣ।