ਆਉਣ ਵਾਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਨੂੰ ਇੱਕ ਅਜਿਹਾ ਮਾਡਲ ਬਣਾਵਾਂਗੇ ਜਿਸ ਵੱਲ ਪੂਰਾ ਦੇਸ਼ ਦੇਖੇਗਾ :CM ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਅਸੀਂ ਪੰਜਾਬ ਵਿਚ ਬਹੁਤ ਵਧੀਆ ਕੰਮ ਕੀਤੇ ਹਨ

CM Bhagwant Mann's statement after meeting with Arvind Kejriwal

 

CM Bhagwant Mann: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਅੱਜ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ ਸੱਦੀ ਸੀ। ਇਹ ਬੈਠਕ ਕਪੂਰਥਲਾ ਹਾਊਸ ਵਿਖੇ ਹੋਈ ਅੱਧਾ ਘੰਟੇ ਚੱਲੀ ਮੀਟਿੰਗ ਵਿਚ ਕੇਜਰੀਵਾਲ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਅੱਗੇ ਵਧਾਉਣ ਦੀ ਨਸੀਹਤ ਦਿੱਤੀ। ਇਸੇ ਤਰ੍ਹਾਂ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅੰਦਰ ਅਜਿਹਾ ਸ਼ਾਨਦਾਰ ਕੰਮ ਕਰਨ ਕਿ ਪੰਜਾਬ ਦੇ ਮਾਡਲ ਨੂੰ ਕੌਮੀ ਪੱਧਰ ਤਕ ਦੇਖਿਆ ਜਾਵੇ। 

ਇਸੇ ਦੌਰਾਨ ਦਿੱਲੀ ਚੋਣਾਂ ਵਿਚ ਮਿਲੀ ਹਾਰ ਉੱਤੇ ਵੀ ਮੰਥਨ ਕੀਤਾ ਗਿਆ। ਅਤੇ ਕਿਹਾ ਗਿਆ ਕਿ ਭਾਵੇਂ ਭਾਜਪਾ ਨੇ ਸਾਰੀਆਂ ਸੰਸਥਾਵਾਂ ਵਰਤ ਕੇ ਅਤੇ ਗੁੰਡਾਗਰਦੀ ਦੇ ਸਹਾਰੇ ਚੋਣਾਂ ਜਿੱਤੀਆਂ ਹਨ ਅਤੇ ਫਿਰ ਵੀ ਲੋਕਾਂ ਦਾ ਫ਼ਤਵਾ ਸਿਰ ਮੱਥੇ ਹੈ ਅਤੇ ਅਸੀਂ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹਾਂਗੇ। 

ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਅਸੀਂ ਪੰਜਾਬ ਵਿਚ ਬਹੁਤ ਵਧੀਆ ਕੰਮ ਕੀਤੇ ਹਨ। ਪਰ ਹੁਣ ਅਸੀਂ ਪੰਜਾਬ ਨੂੰ ਹੋਰ ਤਰੱਕੀ ਦੀਆਂ ਲੀਹਾਂ ਉੱਤੇ ਲਿਜਾਣ ਲਈ ਡੱਟ ਕੇ ਉਪਰਾਲੇ ਕਰਾਂਗੇ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਅਜਿਹਾ ਮਾਡਲ ਸੂਬਾ ਬਣਾਵਾਂਗੇ ਕਿ ਪੂਰਾ ਦੇਸ਼ ਇਸ ਨੂੰ ਦੇਖੇਗਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਸਰਕਾਰਾਂ ਵਿਚਕਾਰ ਹੋਇਆ ਗਿਆਨ ਸਾਂਝਾ ਕਰਨ ਦਾ ਸਮਝੌਤਾ ਜਾਰੀ ਰਹੇਗਾ।

 ਦਿੱਲੀ ਚੋਣਾਂ ਵਿੱਚ ਗੁੰਡਾਗਰਦੀ ਅਤੇ ਪੈਸੇ ਦੀ ਵਰਤੋਂ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਦਿੱਲੀ ਚੋਣਾਂ ਵਿੱਚ ਗੁੰਡਾਗਰਦੀ ਅਤੇ ਪੈਸੇ ਦੀ ਵਰਤੋਂ ਕੀਤੀ ਗਈ। ਸਾਨੂੰ ਹਰ ਘੰਟੇ ਚੋਣ ਕਮਿਸ਼ਨ ਜਾਣਾ ਪੈਂਦਾ ਸੀ। ਉਨ੍ਹਾਂ ਨੂੰ ਦੱਸਣਾ ਪਿਆ ਕਿ ਉਹ ਜੈਕਟਾਂ ਅਤੇ ਪੈਸੇ ਵੰਡ ਰਹੇ ਸਨ।"

 ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦੇ ਬਿਆਨ ਉੱਤੇ ਪਲਟਵਾਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਸਾਡੇ ਵਿਧਾਇਕਾਂ ਦੀ ਗਿਣਤੀ ਨਾ ਕਰਨ ਉਹ ਇਹ ਦੱਸਣ ਕਿ ਦਿੱਲੀ ਵਿੱਚ ਉਨ੍ਹਾਂ ਦੇ ਕਿੰਨੇ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਆਉਣ ਜਾਣ ਦਾ ਸੱਭਿਆਚਾਰ ਹੈ ਇਸੇ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਖੂਨ-ਪਸੀਨੇ ਨਾਲ ਪਾਰਟੀ ਬਣਾਈ ਹੈ ਤੇ ਪਾਰਟੀ ਨੂੰ ਕੋਈ ਵੀ ਵਰਕਰ ਦਗਾ ਨਹੀਂ ਦੇ ਸਕਦਾ।