14 ਫ਼ਰਵਰੀ ਦੀ ਕੇਂਦਰ ਨਾਲ ਮੀਟਿੰਗ ’ਚ ਕੋਈ ਹੱਲ ਨਾ ਨਿਕਲਿਆ ਤਾਂ 25 ਨੂੰ ਕਰਾਂਗੇ ਦਿੱਲੀ ਕੂਚ : ਪੰਧੇਰ

ਏਜੰਸੀ

ਖ਼ਬਰਾਂ, ਪੰਜਾਬ

12 ਫ਼ਰਵਰੀ ਦੀ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੀ ਏਕਤਾ ਬਾਰੇ ਮੀਟਿੰਗ ’ਚ ਸ਼ਾਮਲ ਹੋਣ ਦਾ ਵੀ ਕੀਤਾ ਐਲਾਨ

If no solution is found in the meeting with the center on February 14, then we will march to Delhi on the 25th: Pandher

 

Farmer Protest: ਸ਼ੰਭੂ ਬਾਰਡਰ ਮੋਰਚੇ ’ਤੇ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿਤੀ ਕਿ ਮੌਜੂਦਾ ਸਮੇਂ ਵਿਚ ਚਲ ਰਹੇ ਖੇਤੀ ਸੈਕਟਰ ਦੇ ਸੰਕਟਾਂ ਨੂੰ ਹੱਲ ਕਰਨ ਲਈ ਜਾਰੀ ਸੰਘਰਸ਼ ਨੂੰ ਹੋਰ ਵਿਆਪਕ ਪੱਧਰ ਉਤੇ ਲਿਜਾਣ ਲਈ ਭਰਾਤਰੀ ਜਥੇਬੰਦੀਆਂ ਨਾਲ ਏਕਤਾ ਲਈ ਜਾਰੀ ਯਤਨਾਂ ਨੂੰ ਅੱਗੇ ਵਧਾਉਣ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ 12 ਫ਼ਰਵਰੀ ਦੀ ਸੱਦੀ ਗਈ ਮੀਟਿੰਗ ਵਿਚ ਦਿੱਲੀ ਅੰਦੋਲਨ 2 ਵਲੋਂ ਆਗੂਆਂ ਦਾ ਵਫ਼ਦ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਅਸੀਂ ਸਮੁੱਚੀ ਏਕਤਾ ਦੇ ਹਾਮੀ ਹਾਂ, ਪਰ ਕਿਸ ਤਰ੍ਹਾਂ ਦੀ ਏਕਤਾ ਉਪਰ ਸਹਿਮਤੀ ਬਣਦੀ ਹੈ, ਇਹ ਮੀਟਿੰਗ ਵਿਚ ਹੀ ਤਹਿ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਹਿਤਾਂ ਨੂੰ ਧਿਆਨ ਵਿਚ ਰਖਦੇ ਸਾਰੀਆਂ ਜਥੇਬੰਦੀਆਂ ਨੂੰ ਏਕਤਾ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 14 ਫ਼ਰਵਰੀ ਨੂੰ ਚੰਡੀਗੜ੍ਹ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਵਿਚ ਸ਼ਿਰਕਤ ਕਰਾਂਗੇ, ਹਾਲਾਂਕਿ ਸਰਕਾਰ ਦੇ ਮਨਸ਼ੇ ਇਸ ਵਾਰ ਦੇ ਬਜਟ ਪੇਸ਼ ਕਰਨ ਵੇਲੇ ਵੀ ਸਾਫ਼ ਹੋ ਚੁੱਕੇ ਹਨ, ਪਰ ਅਸੀਂ ਕਦੇ ਵੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ। 

ਉਨ੍ਹਾਂ ਕਿਹਾ ਕਿ 13 ਤਰੀਕ ਨੂੰ ਮੋਰਚੇ ਦਾ ਇਕ ਸਾਲ ਪੂਰਾ ਹੋਣ ਮੌਕੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਆਗੂ ਸ਼ੰਭੂ ਪਹੁੰਚ ਰਹੇ ਹਨ ਅਤੇ ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਿਸਾਨ ਮਜ਼ਦੂਰ ਵੀ ਵੱਡੀ ਗਿਣਤੀ ਵਿਚ ਪ੍ਰੋਗਰਾਮ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ 14 ਦੀ ਮੀਟਿੰਗ ਵਿਚ ਕੋਈ ਸੁਚੱਜਾ ਹੱਲ ਨਹੀਂ ਕਢਿਆ ਜਾਂਦਾ ਤਾਂ 25 ਫ਼ਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ।

ਉਨ੍ਹਾਂ ਕਿਹਾ ਕਿ ਖੰਨਾ ਤੋਂ ਨੌਜਵਾਨ ਅਥਲੀਟ ਕੋਚ ਦਿਲਪ੍ਰੀਤ ਸਿੰਘ, ਦਿੱਲੀ ਅੰਦੋਲਨ 2 ਦੀਆਂ ਮੰਗਾਂ ਦੇ ਹੱਕ ਵਿਚ ਪਾਰਲੀਮੈਂਟ ਤਕ 302 ਕਿਲੋਮੀਟਰ ਦਾ ਪੈਂਡਾ ਦੌੜ ਲਗਾ ਕੇ ਤਹਿ ਕਰਨ ਜਾ ਰਹੇ ਹਨ, ਅੰਦੋਲਨਕਾਰੀ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਬਾਰੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਨੂੰ ਤਾੜਨਾ ਕਰਨੀ ਚਾਹੀਦੀ ਹੈ, ਪਰ ਸਰਕਾਰ ਵਲੋਂ ਧਾਰੀ ਚੁੱਪੀ ਦੇਸ਼ ਦਾ ਅਪਮਾਨ ਕਰਨ ਵਾਲੀ ਗੰਲ ਹੈ।

ਉਨ੍ਹਾਂ ਕਿਹਾ ਕਿ ਪੀੜਤ ਨੌਜਵਾਨਾਂ ਦੀ ਮਾਲੀ ਸਹਾਇਤਾ ਅਤੇ ਪੁਨਰਵਾਸ ਲਈ ਯੋਜਨਾ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਭਾਰਤ, 5 ਫ਼ਰਵਰੀ 2022 ਨੂੰ ਪੰਜਾਬ ਅੰਦਰ ਪ੍ਰਧਾਨ ਮੰਤਰੀ ਮੋਦੀ ਦੀ ਚੋਣ ਪ੍ਰਚਾਰ ਫੇਰੀ ਦੌਰਾਨ ਹੋਏ ਸ਼ਾਂਤੀਪੂਰਨ ਵਿਰੋਧ ਕਰਨ ਤੇ ਕਿਸਾਨ ਆਗੂਆਂ ’ਤੇ ਧਾਰਾ 307 ਤਹਿਤ ਕੀਤੇ ਨਾਜਾਇਜ਼ ਪਰਚਿਆਂ ਦੀ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਪਾਏ ਗਏ ਝੂਠੇ ਪਰਚੇ ਰੱਦ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅੰਦੋਲਨ ਨੂੰ ਢਾਅ ਲਗਾਉਣ ਦੀਆਂ ਕੋਸ਼ਿਸ਼ਾਂ ਅਸੀਂ ਕਦੇ ਸਫ਼ਲ ਨਹੀਂ ਹੋਣ ਦੇਵਾਂਗੇ ਅਤੇ ਅੰਦੋਲਨ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਤਕ ਇਹ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਜੰਗ ਸਿੰਘ ਭਤੇੜੀ, ਗੁਰਅਮਨੀਤ ਮਾਂਗਟ, ਹਰਜੀਤ ਸਿੰਘ ਮਾਂਗਟ, ਬਲਕਾਰ ਸਿੰਘ ਬੈਂਸ, ਹਰਪ੍ਰੀਤ ਸਿੰਘ ਬਹਿਰਾਮਕੇ, ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਰੰਗੜਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ ਸਮੇਤ ਸੈਂਕੜੇ ਕਿਸਾਨ ਮਜਦੂਰ ਹਾਜ਼ਰ ਰਹੇ।