ਲੁਧਿਆਣਾ ਵਿਚ ਵਾਪਰਿਆ ਦਰਦਨਾਕ ਹਾਦਸਾ,ਨਾਬਾਲਿਗ ਕਾਰ ਚਾਲਕ ਨੇ 11 ਸਾਲਾ ਬੱਚੇ ਨੂੰ ਕੁਚਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਕੇ 'ਤੇ ਪਹੁੰਚੀ ਪੁਲਿਸ

tragic accident in Ludhiana

ਲੁਧਿਆਣਾ: ਲੁਧਿਆਣਾ ਦੇ ਰਿਸ਼ੀ ਨਗਰ ਦੇ ਕਰ ਵਿਭਾਗ ਦਫ਼ਤਰ ਨੇੜਿਓਂ ਇਕ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇਕ ਨਾਬਾਲਿਕ ਲੜਕੇ ਵੱਲੋਂ ਆਪਣੀ ਕਾਰ ਦੇ ਨਾਲ ਸਾਈਕਲ ਚਲਾ ਰਹੇ 11 ਸਾਲ ਦੇ ਬੱਚੇ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਚਾਲਕ ਨਾਬਾਲਿਗ ਹੈ ਅਤੇ ਉਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਸੂਤਰਾਂ ਮੁਤਾਬਿਕ ਕਾਰ ਚਾਲਕ ਗੱਡੀ ਚਲਾਉਂਦੇ ਹੋਏ ਮੋਬਾਇਲ ਤੇ ਵੀਡੀਓ ਬਣਾ ਰਿਹਾ ਸੀ ਜਿਸ ਦੌਰਾਨ ਇਹ ਪੂਰੀ ਘਟਨਾ ਵਾਪਰੀ। ਤਸਵੀਰਾਂ ਵੇਖ ਕੇ ਹਰ ਕਿਸੇ ਦੇ ਲੂ ਕੰਢੇ ਖੜੇ ਹੋ ਜਾਣਗੇ। ਉਧਰ ਮੌਕੇ 'ਤੇ ਲੋਕਾਂ ਨੇ ਮੁਲਜ਼ਮ ਨੂੰ ਦਬੋਚ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤੇ। 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 11 ਸਾਲਾ  ਬੇਟਾ ਤਰੁਣ ਸੜਕ ਤੇ ਸਾਈਕਲ ਚਲਾ ਰਿਹਾ ਸੀ ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਉਧਰ ਦੂਜੇ ਪਾਸੇ ਪੁਲਿਸ ਵੱਲੋਂ ਕਿਹਾ ਗਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਨਾਬਾਲਿਗ ਬੱਚਾ ਕਾਰ ਚਲਾ ਰਿਹਾ ਸੀ ਅਤੇ ਉਸ ਨੇ ਇਕ ਬੱਚੇ ਦੀ ਜਾਨ ਲੈ ਲਈ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਖਤ ਕਾਰਵਾਈ ਕਰੇਗੀ।