ਵਿਆਹ ਤੋਂ ਬਾਅਦ ਨੂੰਹ ਨੂੰ ਲੈ ਕੇ ਸਿੱਧਾ ਸਿੰਘੂ ਬਾਰਡਰ ਪਹੁੰਚ ਗਿਆ ਜਲੰਧਰ ਦਾ ਪਰਿਵਾਰ
ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ...
ਨਵੀਂ ਦਿੱਲੀ (ਸੈਸ਼ਵ ਨਾਗਰਾ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਦੇ ਖਿਲਾਫ਼ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਅੱਜ ਇੱਕ ਲੜਕੇ ਦਾ ਵਿਆਹ ਹੁੰਦਾ ਜੋ ਬਾਹਰ ਕਿਸੇ ਲੋਕੇਸ਼ਨ ‘ਤੇ ਘੁੰਮਣ ਦੀ ਬਜਾਏ ਕਿਸਾਨ ਅੰਦੋਲਨ ਵਿਚ ਪਹੁੰਚ ਕੇ ਆਪਣਾ ਯੋਗਦਾਨ ਪਾਇਆ ਹੈ।
ਪਰਿਵਾਰ ਵੱਲੋਂ ਵਿਆਹ ਤੋਂ ਇੱਕ ਹਫ਼ਤੇ ਬਾਅਦ ਹੀ ਆਪਣੀ ਨੂੰਹ ਨੂੰ ਲੈ ਕੇ ਦਿੱਲੀ ਸੰਘਰਸ਼ ਦੇ ਸਿੰਘੂ ਬਾਰਡਰ ‘ਤੇ ਪਹੁੰਚੇ ਹਨ। ਲੜਕੀ ਨੇ ਕਿਹਾ ਕਿ ਅਸੀਂ ਬਾਹਰ ਕਿਸੇ ਲੋਕੇਸ਼ਨ ਤੇ ਘੁੰਮਣ ਦੀ ਬਜਾਏ ਕਿਸਾਨੀ ਸੰਘਰਸ਼ ਵਿਚ ਪਹੁੰਚਣਾ ਅਹਿਮ ਸਮਝ ਰਹੇ ਹਾਂ ਕਿ ਅੱਜ ਸਾਡੀ ਖੇਤੀ ਅਤੇ ਸਾਡਾ ਕਿਸਾਨ ਇਕ ਮੁਸ਼ਕਿਲ ਘੜੀ ਵਿਚ ਹੈ, ਇਸ ਸੰਘਰਸ਼ ਵਿਚ ਸੜਕਾਂ ਉਤੇ ਬੈਠੇ ਕਿਸਾਨਾਂ ਨੂੰ 100 ਦਿਨਾਂ ਤੋਂ ਉਪਰ ਹੋ ਗਏ ਹਨ, ਜਿਸ ਕਰਕੇ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਨ ਲਈ ਇੱਥੇ ਆਏ ਹਾਂ।
ਉਥੇ ਹੀ ਲੜਕੇ ਦੀ ਮਾਂ ਨੇ ਕਿਹਾ ਕਿ ਇੱਥੇ ਸਾਡੇ ਬਜੁਰਗ, ਕਿਸਾਨ, ਮਾਤਾਵਾਂ, ਭੈਣਾਂ ਕਿਸਾਨ ਅੰਦੋਲਨ ਵਿਚ ਬੈਠੇ ਹਨ ਅਤੇ ਅਸੀਂ ਇਨ੍ਹਾਂ ਦਾ ਸਾਥ ਦੇਣ ਲਈ ਇੱਥੇ ਆਏ ਹਾਂ। ਉਨ੍ਹਾਂ ਕਿਹਾ ਜੇ ਪੂਰੇ ਦੇਸ਼ ਦੇ ਲੋਕ ਇੱਕਜੁਟ ਹੋ ਜਾਣ ਤਾਂ ਸਰਕਾਰ ਤਾਂ ਆਪਣੇ ਆਪ ਖੇਤੀ ਦੇ ਕਾਲੇ ਕਾਨੂੰਨਾਂ ਰੱਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸੋਚਿਆ ਹੋਇਆ ਸੀ ਕਿ ਜਦੋਂ ਵੀ ਬੇਟੇ ਦਾ ਵਿਆਹ ਹੋਇਆ ਤਾਂ ਸਭ ਤੋਂ ਪਹਿਲਾਂ ਇਸ ਸੰਘਰਸ਼ ਵਿਚ ਪਹੁੰਚਾਗੇ।
ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਦੌਰਾਨ ਅਸੀਂ ਆਪਣੀਆਂ ਭੈਣਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਹਾਂ ਤੇ ਹੋਰ ਵੀ ਲੋਕ ਸਾਨੂੰ ਦੇਖ ਕੇ ਦਿੱਲੀ ਸੰਘਰਸ਼ ਨਾਲ ਜੁੜਨਗੇ। ਉਨ੍ਹਾਂ ਨੇ ਦੇਸ਼ ਦੀਆਂ ਬੀਬੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਵੱਧ ਤੋਂ ਵੱਧ ਦਿੱਲੀ ਸੰਘਰਸ਼ ਵਿਚ ਪਹੁੰਚਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਵਾਇਆ ਜਾ ਸਕੇ।