ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਅੰਮ੍ਰਿਤਸਰ ਨੂੰ ਰੁਸ਼ਨਾਇਆ ਜਾਵੇਗਾ: ਜਗੀਰ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਕੀਤੀ ਇਕੱਤਰਤਾ...

Amritsar

ਅੰਮ੍ਰਿਤਸਰ: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਜਾਵੇਗਾ ਅਤੇ ਇਥੇ ਹੋਣ ਵਾਲਾ ਮੁੱਖ ਸਮਾਗਮ ਯਾਦਗਾਰੀ ਹੋਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਮਾਝਾ ਅਤੇ ਦੁਆਬਾ ਖੇਤਰ ਨਾਲ ਸਬੰਧਤ ਮੈਂਬਰਾਂ ਦੀ ਇਕੱਤਰਤਾ ਮਗਰੋਂ ਕੀਤਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਨੂੰ ਸੇਧਿਤ ਹੁੰਦਿਆਂ ਸ਼ਤਾਬਦੀ ਦੇ ਮੁੱਖ ਸਮਾਗਮ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਈ ਜਾਹੋ-ਜਲਾਲ ਨਾਲ ਮਨਾਏ ਜਾਣਗੇ। 1 ਮਈ 2021 ਨੂੰ ਮੁੱਖ ਸਮਾਗਮ ਖੁੱਲ੍ਹੇ ਪੰਡਾਲ ਵਿਚ ਹੋਵੇਗਾ, ਜਦਕਿ ਇਸ ਤੋਂ ਪਹਿਲਾਂ ਹਫ਼ਤਾ ਭਰ ਵੱਖ-ਵੱਖ ਸਮਾਗਮ ਜਾਰੀ ਰਹਿਣਗੇ। 400 ਸਾਲਾ ਪ੍ਰਕਾਸ਼ ਸ਼ਤਾਬਦੀ ਪ੍ਰਤੀ ਸੰਗਤ ਅੰਦਰ ਉਤਸ਼ਾਹ ਪੈਦਾ ਕਰਨ ਅਤੇ ਗੁਰੂ ਸਾਹਿਬ ਦੇ ਫਲਸਫੇ ਦੇ ਪ੍ਰਚਾਰ ਲਈ ਦੇਸ਼ ਭਰ ਵਿਚ ਵੱਖ-ਵੱਖ ਸਮਾਗਮ ਵੀ ਕਰਵਾਏ ਜਾਣਗੇ, ਜਿਨ੍ਹਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਦੇ ਅਸਥਾਨ ’ਤੇ 16 ਤੋਂ 18 ਮਾਰਚ ਤੱਕ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਤੋਂ 28 ਮਾਰਚ ਤੱਕ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 10 ਤੋਂ 13 ਅਪ੍ਰੈਲ ਤੱਕ ਸਮਾਗਮ ਕੀਤੇ ਜਾਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਮੌਕਾ ਸਮੁੱਚੇ ਸਿੱਖ ਜਗਤ ਲਈ ਬੇਹੱਦ ਖਾਸ ਹੈ ਅਤੇ ਸਮਾਗਮਾਂ ਦਾ ਜਲੌ ਵੀ ਖਿੱਚ ਦਾ ਕੇਂਦਰ ਹੋਵੇਗਾ। ਇਸੇ ਤਹਿਤ ਸ੍ਰੀ ਅੰਮ੍ਰਿਤਸਰ ਨੂੰ ਖਾਸ ਢੰਗ ਨਾਲ ਸਜਾਉਣ ਲਈ ਵਿਉਂਤਬੰਦੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮਾਂ ਦੌਰਾਨ ਸੰਗਤ ਦੀ ਭਰਵੀਂ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪੋ-ਆਪਣੇ ਹਲਕੇ ਵਿਚ ਸੰਗਤਾਂ ਨਾਲ ਰਾਬਤਾ ਕਾਇਮ ਕਰਨਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂਬਰਾਂ ਨੇ ਅੱਜ ਦੀ ਇਕੱਤਰਤਾ ਦੌਰਾਨ ਸ਼ਤਾਬਦੀ ਨੂੰ ਲੈ ਕੇ ਚੰਗੇ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਲਵਾ ਨਾਲ ਸਬੰਧਤ ਮੈਂਬਰਾਂ ਦੀ ਇਕੱਤਰਤਾ ਸ੍ਰੀ ਅੰਮ੍ਰਿਤਸਰ ਵਿਖੇ ਹੀ 15 ਮਾਰਚ ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਤਾਬਦੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਮੈਂਬਰਾਂ ਨਾਲ ਹਰ ਤਿੰਨ ਮਹੀਨੇ ਬਾਅਦ ਇਕੱਤਰਤਾ ਕੀਤੀਆਂ ਜਾਇਆ ਕਰਨਗੀਆਂ।

ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਬਾਰੇ ਵੀ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ ਅਤੇ ਮੈਂਬਰਾਂ ਪਾਸੋਂ ਸੰਸਥਾ ਦੇ ਵਿੱਤੀ ਮਾਮਲਿਆਂ ਸਬੰਧੀ ਰਾਏ ਲਈ ਗਈ ਹੈ। ਇਕੱਤਰਤਾ ਵਿਚ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਅਮਰੀਕ ਸਿੰਘ ਸ਼ਾਹਪੁਰ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਅਲਵਿੰਦਰਪਾਲ ਸਿੰਘ ਪੱਖੋਕੇ,

ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸ. ਕੁਲਵੰਤ ਸਿੰਘ ਮੰਨਣ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਿੰਦਰਪਾਲ ਸਿੰਘ ਗੋਰਾ, ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ. ਤਾਰਾ ਸਿੰਘ ਸੱਲਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਗੁਰਨਾਮ ਸਿੰਘ ਜੱਸਲ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਰਣਜੀਤ ਸਿੰਘ ਕਾਹਲੋਂ, ਸ. ਸਰਵਨ ਸਿੰਘ ਕੁਲਾਰ, ਸ. ਬਾਵਾ ਸਿੰਘ ਗੁਮਾਨਪੁਰਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਅਮਰੀਕ ਸਿੰਘ ਵਿਛੋਆ,

ਸ. ਬਲਜੀਤ ਸਿੰਘ ਜਲਾਲਉਸਮਾਂ, ਬੀਬੀ ਕਿਰਨਜੋਤ ਕੌਰ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਸਰਵਨ ਕੌਰ ਤੇੜਾ, ਸ. ਕੁਲਦੀਪ ਸਿੰਘ, ਬੀਬੀ ਗੁਰਪ੍ਰੀਤ ਕੌਰ ਰੂਹੀ, ਬੀਬੀ ਜੋਗਿੰਦਰ ਕੋਰ, ਬੀਬੀ ਰਣਜੀਤ ਕੌਰ ਮਾਹਲਪੁਰ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਸੁਖਵਰਸ਼ ਸਿੰਘ ਪੰਨੂ, ਸ. ਰਤਨ ਸਿੰਘ ਜੱਫਰਵਾਲ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।