ਕਿਸਾਨ 26 ਨੂੰ ਭਾਰਤ ਬੰਦ ਕਰਨਗੇ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ 26 ਨੂੰ ਭਾਰਤ ਬੰਦ ਕਰਨਗੇ

image

15 ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਮਹਿੰਗਾਈ ਵਿਰੁਧ ਪ੍ਰਦਰਸ਼ਨ ਕਰਨਗੇ

ਨਵੀਂ ਦਿੱਲੀ, 10 ਮਾਰਚ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ਦੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ 26 ਮਾਰਚ ਨੂੰ ਭਾਰਤ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਕਈ ਹੋਰ ਵੀ ਅਹਿਮ ਐਲਾਨ ਕੀਤੇ ਗਏ ਹਨ। 15 ਮਾਰਚ ਨੂੰ ਸਾਰੇ ਜ਼ਿਲ੍ਹਾ ਹੈਡਕੁਆਟਰਾਂ ’ਤੇ ਮਹਿੰਗਾਈ ਵਿਰੁਧ ਪ੍ਰਦਰਸ਼ਨ ਕੀਤੇ ਜਾਣਗੇ। 
17 ਮਾਰਚ ਨੂੰ ਕਿਸਾਨ ਮੋਰਚਾ ਸਾਰੇ ਟਰੱਕ ਅਪਰੇਟਰਾਂ ਨਾਲ ਮੀਟਿੰਗ ਕਰੇਗਾ ਤੇ ਇਹ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਵਧ ਰਹੀਆਂ ਤੇਲ ਦੀਆਂ ਕੀਮਤਾਂ ’ਤੇ ਸਰਕਾਰ ਨੂੰ ਕਿਵੇਂ ਘੇਰਿਆ ਜਾਵੇ। ਇਸ ਤੋਂ ਬਾਅਦ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ‘ਯੁਵਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਨੌਜਵਾਨਾਂ ਨੂੰ ਕੇਸਰੀ ਪੱਗਾਂ ਬੰਨ੍ਹ ਕੇ ਦਿੱਲੀ ਵਲ ਕੂਚ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਬਾਅਦ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ ਤੇ ਇਹ ਸੱਦਾ ਵੀ ਵਧ ਰਹੀ ਮਹਿੰਗਾਈ ਤੇ ਤੇਲ-ਗੈਸ ਦੀਆਂ ਵਧ ਰਹੀਆਂ ਕੀਮਤਾਂ ਦੇ ਮੁੱਦੇ ’ਤੇ ਹੋਵੇਗਾ। ਸੰਯੁਕਤ ਮੋਰਚਾ ਨੇ ਸਾਰੀਆਂ ਧਿਰਾਂ ਨੂੰ ਇਸ ਬੰਦ ਵਿਚ ਵਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ 28 ਮਾਰਚ ਨੂੰ ਹੋਲੀ ਵਾਲੇ ਦਿਨ ਦੇਸ਼ ਭਰ ਵਿਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਇਨ੍ਹਾਂ ਕਾਪੀਆਂ ਨਾਲ ਹੋਲਿਕਾ ਦਹਿਨ ਕੀਤਾ ਜਾਵੇਗਾ। 
ਇਸ ਮੌਕੇ ਸੰਯੁਕਤ ਮੋਰਚੇ ਦੀ ਮੀਟਿੰਗ ਵਿਚ ਹਰਿਆਣਾ ਵਿਧਾਨ ਸਭਾ ਦਾ ਮੁੱਦਾ ਵੀ ਵਿਚਾਰਿਆ ਗਿਆ ਤੇ ਉਨ੍ਹਾਂ ਵਿਧਾਇਕਾਂ ਵਿਰੁਧ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਜਿਨ੍ਹਾਂ ਨੇ ਬੇਭਰੋਸਗੀ ਮਤੇ ਵਿਰੁਧ ਵੋਟਾਂ ਪਾਈਆਂ। ਮੋਰਚੇ ਨੇ ਉਨ੍ਹਾਂ ਵਿਧਾਇਕਾਂ ਦੇ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ।   (ਪੀ.ਟੀ.ਆਈ)