ਸੰਸਦ 'ਚ ਗੂੰਜੇ 'ਕਾਲੇ ਕਾਨੂੰਨ ਵਾਪਸ ਲਉ' ਤੇ ਪ੍ਰਧਾਨ ਮੰਤਰੀ ਜਵਾਬ ਦਿਉ' ਦੇ ਨਾਹਰੇ
ਸੰਸਦ 'ਚ ਗੂੰਜੇ 'ਕਾਲੇ ਕਾਨੂੰਨ ਵਾਪਸ ਲਉ' ਤੇ ਪ੍ਰਧਾਨ ਮੰਤਰੀ ਜਵਾਬ ਦਿਉ' ਦੇ ਨਾਹਰੇ
ਸੰਸਦ 'ਚ ਕਿਸਾਨਾਂ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪਾਸ ਹੋਏ ਬਿਲ
ਨਵੀਂ ਦਿੱਲੀ, 10 ਮਾਰਚ : ਵਿਵਾਦਾਂ ਨਾਲ ਘਿਰੇ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ 'ਤੇ ਕਾਂਗਰਸ ਦੀ ਅਗਵਾਈ 'ਚ ਵਿਰੋਧੀ ਧਿਰ ਨੇ ਸੰਸਦ 'ਚ ਭਾਰੀ ਹੰਗਾਮਾ ਕੀਤਾ ਜਿਸ ਨਾਲ ਬੁਧਵਾਰ ਨੂੰ ਵੀ ਦੋਹਾਂ ਸਦਨਾਂ 'ਚ ਰੇੜਕਾ ਜਾਰੀ ਰਿਹਾ | ਹੰਗਾਮੇ ਕਾਰਨ ਲੋਕਸਭਾ ਅਤੇ ਰਾਜਸਭਾ ਨੂੰ ਦੋ-ਦੋ ਵਾਰ ਲਈ ਮੁਲਤਵੀ ਕਰਨ ਦੇ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ ਗਿਆ | ਹਾਲਾਂਕਿ ਹੰਗਾਮੇ ਦੌਰਾਨ ਸਰਕਾਰ ਦੋਹਾਂ ਸਦਨਾਂ 'ਚ ਇਕ-ਇਕ ਬਿੱਲ ਨੂੰ ਪਾਸ ਕਰਾਉਣ 'ਚ ਸਫ਼ਲ ਰਹੀ |
ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ''ਅਸੀਂ ਦੇਸ਼ ਦੇ ਕਿਸਾਨਾਂ ਦਾ ਹਾਲ ਜਾਹਰ ਕਰਨਾ ਚਾਹੁੰਦੇ ਹਾਂ | ਦੇਸ਼ਭਰ 'ਚ ਲੱਖਾਂ ਦੀ ਗਿਣਤੀ 'ਚ ਕਿਸਾਨ ਪ੍ਰੇਸ਼ਾਨ ਹਨ | ਇਸ 'ਤੇ ਧਿਆਨ ਦਿਤਾ ਜਾਣਾ ਚਾਹੀਦੈ |''
ਚੌਧਰੀ ਨੇ ਕਿਹਾ, ''ਦਿੱਲੀ ਦੀ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਅਜਿਹੀ ਹਾਲਤ ਵਿਚ ਅਸੀਂ ਕਿਵੇਂ ਚੁੱਪ ਰਹੀ ਸਕਦੇ ਹਾਂ?'' ਕਾਂਗਰਸ ਸਮੇਤ ਕੁੱਝ ਹਰ ਪਾਰਟੀਆਂ ਦੇ ਮੈਂਬਰਾਂ ਨੇ ਵੀ ਕੰਮ ਮੁਲਤਵੀ ਕਰਨ ਦੇ ਨੋਟਿਸ ਦਾ ਮੁੱਦਾ ਚੁੱਕਿਆ |
ਕਾਂਗਰਸ ਮੈਂਬਰਾਂ ਦੇ ਸ਼ੋਰ ਸ਼ਰਾਬੇ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ''ਤੁਹਾਡੇ ਕੰਮ ਮੁਲਤਵੀ ਕਰਨ ਦੇ ਮਤੇ 'ਤੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ | ਫਿਰ ਵੀ ਹੰਗਾਮਾ ਕੀਤਾ ਜਾ ਰਿਹਾ ਹੈ | ਕੀ ਤੁਸੀਂ ਭਵਿੱਖ ਦੇ ਬੁਲਾਰੇ ਹੋ? ਉਨ੍ਹਾਂ ਕਿਹਾ, ''ਮੁਲਾਇਮ ਸਿੰਘ ਯਾਦਵ ਸਾਹਿਬ, ਇਨ੍ਹਾਂ ਲੋਕਾਂ ਨੂੰ ਸਮਝਾਉ | ਉਨ੍ਹਾਂ ਕਿਹਾ ਕਿ ਤੁਸੀਂ ਬਿਨਾਂ ਵਿਸ਼ੇ ਦੇ ਰੋਜ਼ ਰੁਕਾਵਟ ਪੈਦਾ ਕਰਦੇ ਹੋ | ਇਹ ਗ਼ਲਤ ਗੱਲ ਹੈ |'' ਕਾਂਗਰਸ ਅਤੇ ਤਿ੍ਣਮੁਲ ਕਾਂਗਰਸ ਦੇ ਮੈਂਬਰ ਸਪੀਕਰ ਦੇ ਨੇੜੇ ਪਹੁੰਚ ਕੇ ਨਾਹਰੇਬਾਜ਼ੀ ਕਰ ਰਹੇ ਸਨ |