ਵਿਧਾਨ ਸਭਾ ਚੋਣਾਂ ’ਚ ਚਾਰ ਸੂਬਿਆਂ ਵਿਚ ਮਿਲੀ ਜਿੱਤ ਤੋਂ ਬਾਅਦ ਮੋਦੀ ਦਾ ਗੁਜਰਾਤ ਵਿਚ ਰੋਡ ਸ਼ੋਅ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਚੋਣਾਂ ’ਚ ਚਾਰ ਸੂਬਿਆਂ ਵਿਚ ਮਿਲੀ ਜਿੱਤ ਤੋਂ ਬਾਅਦ ਮੋਦੀ ਦਾ ਗੁਜਰਾਤ ਵਿਚ ਰੋਡ ਸ਼ੋਅ

image

ਅਹਿਮਦਾਬਾਦ (ਗੁਜਰਾਤ), 11 ਮਾਰਚ : ਉਤਰ ਪ੍ਰਦੇਸ਼, ਮਣੀਪੁਰ, ਉਤਰਾਖੰਡ ਅਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਕਰਵਾਰ ਨੂੰ ਗੁਜਰਾਤ ਵਿਚ ਰੋਡ ਸ਼ੋਅ ਕੀਤਾ। ਫੁੱਲਾਂ ਦੇ ਹਾਰਾਂ ਨਾਲ ਸਜੀ ਗੱਡੀ ਵਿਚ ਸਵਾਰ ਮੋਦੀ ਭਗਵੇ ਰੰਗ ਦੀ ਟੋਪੀ ਪਾਈਂ ਨਜ਼ਰ ਆਏ। ਮੋਦੀ ਨੇ ਰੋਡ ਸ਼ੋਅ ਦੌਰਾਨ ਸੜਕ ਦੇ ਦੋਹਾਂ ਪਾਸੇ ਖੜੇ ਸੈਂਕੜੇ ਸਮਰਥਕਾਂ ਅਤੇ ਪ੍ਰਸ਼ਸਕਾਂ ਦਾ ਹੱਥ ਹਿਲਾ ਕੇ ਧਨਵਾਦ ਕੀਤਾ। ਹਵਾਈ ਅੱਡੇ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਕਰੀਬ 10 ਕਿਲੋਮੀਟਰ ਦੂਰ ਗਾਂਧੀਨਗਰ ਵਿਚ ਭਾਜਪਾ ਦੇ ਸੂਬਾ ਮੁੱਖ ਦਫ਼ਤਰ ‘ਕਮਲਮ’ ’ਤੇ ਖ਼ਤਮ ਹੋਇਆ।
  ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸੀ.ਆਰ. ਪਾਟਿਲ ਵੀ ਮੋਦੀ ਨਾਲ ਮੌਜੂਦ ਸਨ। ਮੋਦੀ ਨੇ ਇਸ ਦੌਰਾਨ ਹੱਥ ਨਾਲ ‘ਵੀ ਫ਼ਾਰ ਵਿਕਟਰੀ (ਜਿੱਤ)’ ਦਾ ਚਿਨ੍ਹ ਬਣਾਇਆ, ਜਿਸ ਨੂੰ ਦੇਖ ਕੇ ਸਮਰਥਕਾਂ ਨੇ ਰੱਜ ਕੇ ਨਾਹਰੇਬਾਜ਼ੀ ਕੀਤੀ। ਭਾਜਪਾ ਦੇ ਕਈ ਵਰਕਰ ਵੀ ਰੋਡ ਸ਼ੋਅ ਵਿਚ ਸ਼ਾਮਲ ਹੋਏ। ਉਥੇ ਹੀ ਰਸਤੇ ਵਿਚ ਕਈ ਥਾਵਾਂ ’ਤੇ ਸੜਕ ਕਿਨਾਰੇ ਲੱਗੇ ਮੰਚਾਂ ’ਤੇ ਕਲਾਕਾਰਾਂ ਨੇ ਸ਼ਾਸਤਰੀ ਅਤੇ ਰਵਾਇਤੀ ਨਾਚ ਪੇਸ਼ ਕੀਤਾ। ਇਸ ਰੋਡ ਸ਼ੋਅ ਨੂੰ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਲਈ ਪਾਰਟੀ ਪ੍ਰਚਾਰ ਦੀ ਸ਼ੁਰੂਆਤ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ, ਜੋ ਇਸੇ ਸਾਲ ਦਸੰਬਰ ਵਿਚ ਹੋਣ ਵਾਲੀਆਂ ਹਨ।  ਲੋਕਾਂ ਨੂੰ ਰੋਡ ਸ਼ੋਅ ਦਿਖਾਉਣ ਲਈ ਰਸਤੇ ਵਿਚ ਕਈ ਸਕਰੀਨਾਂ ਵੀ ਲਗਾਈਆਂ ਗਈਆਂ ਸਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਕਿਹਾ,‘‘ਸਾਨੂੰ ਭਰੋਸਾ ਹੈ ਕਿ ਗੁਜਰਾਤ ਵਿਚ ਦਸੰਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹੀ ਜਿੱਤ ਹੋਵੇਗੀ।’’ ਗਾਂਧੀਨਗਰ ਦੇ ਸੂਬਾ ਮੁੱਖ ਦਫ਼ਤਰ ਵਿਚ ਪਹੁੰਚਣ ਤੋਂ ਬਾਅਦ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਭਾਜਪਾ ਦੀ ਸੂਬਾ ਇਕਾਈ ਦੇ ਆਗੂਆਂ ਨਾਲ ਬੈਠਕ ਕੀਤੀ।     (ਪੀਟੀਆਈ)