ਸ਼੍ਰੋਮਣੀ ਅਕਾਲੀ ਦਲ 'ਚ ਬਗਾਵਤ ਸ਼ੁਰੂ, ਹਰਿੰਦਰਪਾਲ ਟੌਹੜਾ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫ਼ਾ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ -ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਸਾਬਤ ਹੋਈ

Shiromani akali dal

ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਹੁਣ ਪਾਰਟੀ ’ਚ ਬਗਾਵਤ ਵੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਅਤੇ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਟੌਹੜਾ ਨੇ ਅਕਾਲੀ ਦਲ ਦੀ ਹੋਈ ਬੁਰੀ ਹਾਰ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ।

ਹਰਿੰਦਰਪਾਲ ਟੌਹੜਾ ਨੇ ਪਾਰਟੀ ਦੀ ਹਾਰ ਲਈ ਸੁਖਬੀਰ ਸਿੰਘ ਬਾਦਲ ਦੇ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਤਾਨਾਸ਼ਾਹੀ ਫ਼ੈਸਲਿਆਂ ਨੇ ਅਕਾਲੀ ਦਲ ਨੂੰ ਤਬਾਹ ਕੀਤਾ ਹੈ ਇਸ ਲਈ ਸੁਖਬੀਰ ਸਿੰਘ ਬਾਦਲ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ। 

ਹਰਿੰਦਰਪਾਲ ਟੌਹੜਾ ਨੇ ਕਿਹਾ ਕਿ ਬਾਦਲ ਦੀ ਅਗਵਾਈ ’ਚ ਇਹ ਪਾਰਟੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਰ ਹੈ। ਉਨ੍ਹਾਂ ਕਿਹਾ, ''ਸੁਖਬੀਰ ਬਾਦਲ ਦੇ ਤਾਨਾਸ਼ਾਹੀ ਫ਼ੈਸਲਿਆਂ ਨੇ ਅਕਾਲੀ ਦਲ ਨੂੰ ਤਬਾਹ ਕੀਤਾ ਹੈ। ਸਾਰੇ ਸਿੱਖਾਂ ਅਤੇ ਪੰਜਾਬੀਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਿਆ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਸਾਬਤ ਹੋਈ। ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਨੇਤਿਕਤਾ ਦੇ ਅਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸਮਾਂ ਆ ਗਿਆ ਹੈ ਪੰਥਕ ਹਿਤੈਸ਼ੀ ਆਤਮ ਨਿਰੀਖਣ ਕਰਨ ਅਤੇ ਅਕਾਲੀ ਦਲ ਦੇ ਪੁਨਰਗਠਨ ਲਈ ਇਕੱਠੇ ਹੋਣ।''

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ ਟੌਹੜਾ ਪਰਿਵਾਰ ਦੇ ਵਾਰਸ ਹਰਿੰਦਰਪਾਲ ਸਿੰਘ ਟੌਹੜਾ ਦੀ ਟਿਕਟ ਵੀ ਕੱਟ ਦਿੱਤੀ ਸੀ। ਜ਼ਿਲ੍ਹੇ ਦੇ ਬਹੁਤ ਸਾਰੇ ਲੀਡਰਾਂ ਨੇ ਵੀ ਸੁਖਬੀਰ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪ੍ਰਭਾਵ ਅਜੇ ਵੀ ਜਿਉਂਦਾ ਹੈ। ਇਸ ਲਈ ਟੌਹੜਾ ਪਰਿਵਾਰ ਦੀ ਟਿਕਟ ਨਾ ਕੱਟੀ ਜਾਵੇ। ਇਨ੍ਹਾਂ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਪਾਰਟੀ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਮਹਿਜ਼ 4 ਸੀਟਾਂ ਹੀ ਆਇਆ ਹਨ।